ਪਸ਼ੂ ਪਾਲਕ ਗਰਮੀ ਵਿੱਚ ਰੱਖਣ ਆਪਣੇ ਪਸ਼ੂਆਂ ਦਾ ਖਾਸ ਖਿਆਲ-ਡਾ. ਹਰਵੀਨ ਕੌਰ
ਮੋਗਾ, 3 ਮਈ ( ਅਸ਼ਵਨੀ) -ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਰਵੀਨ ਕੌਰ ਨੇ ਪਸੂ ਪਾਲਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਈ ਜੂਨ ਦੇ ਮਹਨੇ ਪਸ਼ੂਆਂ ਵਾਸਤੇ ਬਹੁਤ ਹੀ ਤਨਾਅਪੂਰਣ ਹੁੰਦੇ ਹਨ ਕਿਉਂਕਿ ਵਾਤਾਵਰਨ ਬਹੁਤ ਹੀ ਖੁਸ਼ਕ ਅਤੇ ਗਰਮੀ ਵਾਲਾ ਹੁੰਦਾ ਹੈ। ਇਸ ਰੁੱਤ ਵਿੱਚ ਪਸ਼ੂਆਂ ਵਿੱਚ ਚਿੱਚੜ, ਜੂੰਆਂ ਆਦਿ ਪੈਣ ਦਾ ਖਤਰਾ ਵਧੇਰੇ ਹੁੰਦਾ ਹੈ। ਇੱਕ ਦਮ ਮੌਸਮੀ ਤਾਪਮਾਨ ਦਾ ਵਾਧਾ ਹੋਣ ਕਾਰਣ ਪਸ਼ੂਆਂ ਦਾ ਸਰੀਰਿਕ ਤਾਪਮਾਨ ਵੱਧ ਜਾਂਦਾ ਹੈ ਅਤੇ ਸਾਹ ਕਿਰਿਆ ਤੇਜ਼ ਹੋ ਜਾਂਦੀ ਹੈ। ਪਸ਼ੂ ਨੂੰ ਭੁੱਖ ਘੱਟ ਲੱਗਦੀ ਹੈ। ਭੁੱਖ ਘੱਟ ਲੱਗਣ ਕਾਰਣ ਪਸ਼ੂ ਦੀ ਇਮੂਨਟੀ ਘੱਟ ਜਾਂਦੀ ਹੈ। ਪਸ਼ੂ ਦੁੱਧ ਘੱਟ ਦਿੰਦਾ ਹੈ। ਹੋਰ ਵਾਈਰਲ ਅਤੇ ਬੈਕਟੀਰੀਅਲ ਬਿਮਾਰੀਆਂ ਦਾ ਪ੍ਰਕੋਪ ਵਧ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਅਜਿਹੇ ਵਿੱਚ ਪਸ਼ੂ ਪਾਲਕਾਂ ਨੂੰ ਕੁਝ ਮਹੱਤਵਪੂਰਨ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਤਾਂ ਕਿ ਵਧਦੀ ਗਰਮੀ ਪਸ਼ੂ ਨੂੰ ਪ੍ਰਭਾਵਿਤ ਨਾ ਕਰ ਸਕੇ। ਉਨ੍ਹਾਂ ਦੱਸਿਆ ਕਿ ਪਸ਼ੂਆਂ ਨੂੰ ਹਵਾਦਾਰ ਸ਼ੈੱਡ ਜਾਂ ਛਾਂਦਾਰ ਦਰੱਖਤ ਥੱਲੇ ਬੰਨਿਆ ਜਾਵੇ। ਪਸ਼ੂਆਂ ਦੇ ਸਰੀਰ ਦਾ ਤਾਪਮਾਨ ਸਥਿਰ ਰੱਖਣ ਵਾਸਤੇ ਪਸ਼ੂਆਂ ਨੂੰ ਤਾਜੇ ਪਾਣੀ ਨਾਲ ਦੋ ਵਾਰ ਨਹਾਉਣਾ ਚਾਹੀਦਾ ਹੈ। ਪਸ਼ੂਆਂ ਨੂੰ ਦਿਨ ਵਿੱਚ 3 ਵਾਰ ਖੁੱਲ੍ਹਾ ਸਾਫ਼ ਸੁਥਰਾ ਪਾਣੀ ਪਿਆਉਣਾ ਚਾਹੀਦਾ ਹੈ। ਪਸ਼ੂਆਂ ਦੀ ਖੁਰਲੀ ਵਿੱਚ ਕਾਲੇ ਨਮਕ ਦੀ ਇੱਟ ਜਰੂਰ ਰੱਖਣੀ ਚਾਹੀਦੀ ਹੈ। ਪਸ਼ੂਆਂ ਦੇ ਆਲੇ ਦੁਆਲੇ ਅਤੇ ਫਰਸ਼ ਦੀ ਸਫ਼ਾਈ ਰੱਖੀ ਜਾਵੇ। ਪਸ਼ੂਆਂ ਨੂੰ ਮੱਖੀ, ਮੱਛਰ, ਚਿੱਚੜ ਅਤੇ ਜੂੰਆਂ ਤੋਂ ਬਚਾਅ ਕੇ ਰੱਖਿਆ ਜਾਵੇ। ਪਸ਼ੂਆਂ ਨੂੰ ਵੈਟਨਰੀ ਡਾਕਟਰ ਦੀ ਸਲਾਹ ਨਾਲ ਮਲੱਪ ਰਹਿਤ ਰੱਖਿਆ ਜਾਵੇ। ਪਸ਼ੂਆਂ ਨੂੰ ਵੈਟਨਰੀ ਡਾਕਟਰ ਦੀ ਸਲਾਹ ਨਾਲ ਗਲਘੋਟੂ, ਮੂੰਹ ਖੁਰ, ਗੋਟ ਪੌਕਸ ਵੈਕਸੀਨ ਲਗਵਾਈ ਜਾਵੇ। ਹਰ ਦਵਾਈ ਵੈਟਨਰੀ ਡਾਕਟਰ ਜਾਂ ਵੈਟਨਰੀ ਇੰਸਪੈਕਟਰ ਦੀ ਸਲਾਹ ਨਾਲ ਹੀ ਦਿੱਤੀ ਜਾਵੇ। ਘੁਮਾਂਤਰੂ ਪਸ਼ੂਆਂ ਤੋਂ ਘਰੇਲੂ ਪਸ਼ੂਆਂ ਨੂੰ ਦੂਰ ਰੱਖਿਆ ਜਾਵੇ।
ਡਾ. ਹਰਵੀਨ ਕੌਰ ਨੇ ਦੱਸਿਆ ਕਿ ਹਰ ਕਿਸਮ ਦੀ ਜਾਣਕਾਰੀ ਲਈ ਨੇੜੇ ਦੀ ਪਸ਼ੂ ਸਿਹਤ ਸੰਸਥਾ ਨਾਲ ਸੰਪਰਕ ਜਰੂਰ ਕੀਤਾ ਜਾਵੇ। ਉਨ੍ਹਾਂ ਅਖੀਰ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਸ਼ੂ ਪਾਲਕ ਇਨ੍ਹਾਂ ਗੱਲਾਂ ਦਾ ਜਰੂਰ ਧਿਆਨ ਰੱਖਣਗੇ ਅਤੇ ਆਪਣੇ ਪਸ਼ੂਆਂ ਦੀ ਗਰਮੀ ਦੇ ਦਿਨਾਂ ਵਿੱਚ ਆਮ ਨਾਲੋਂ ਜਿਆਦਾ ਦੇਖਭਾਲ ਕਰਨ ਨੂੰ ਯਕੀਨੀ ਬਣਾਉਣਗੇ।