ਮੋਗਾ, 3 ਮਈ ( ਅਸ਼ਵਨੀ, ਮੋਹਿਤ ਜੈਨ) –
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ, ਬੇਰੋਜ਼ਗਾਰ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਯਤਨਸ਼ੀਲ ਹੈ।ਵੱਖ-ਵੱਖ ਤਰ੍ਹਾਂ ਦੇ ਕੈਂਪ ਪਿੰਡਾਂ ਵਿੱਚ ਲਗਾ ਕੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੀਆਂ ਸਕੀਮਾਂ ਬਾਰੇ ਉਨ੍ਹਾਂ ਦੇ ਘਰਾਂ ਦੇ ਬਿਲਕੁਲ ਨਜ਼ਦੀਕ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਉਕਤ ਦੀ ਲਗਾਤਾਰਤਾ ਵਿੱਚ ਬਿਊਰੋ ਵੱਲੋਂ ਦੌਲਤਪੁਰਾ ਨੀਵਾਂ ਵਿਖੇ ਸਵੈ-ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਸਵੈ-ਰੋਜ਼ਗਾਰ ਮੁਹੱਈਆ ਕਰਵਾਉਣ ਵਾਲੇ ਸਰਕਾਰੀ ਵਿਭਾਗਾਂ ਜਿਵੇਂ ਕਿ ਜ਼ਿਲ੍ਹਾ ਉਦਯੋਗ ਕੇਂਦਰ, ਐਸ.ਸੀ ਕਾਰਪੋਰੇਸ਼ਨ ਮੋਗਾ, ਬੀ.ਸੀ. ਕਾਰਪੋਰੇਸ਼ਨ ਮੋਗਾ, ਲੀਡ ਬੈਂਕ ਅਤੇ ਆਰਸੇਟੀ ਆਦਿ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਕੈਂਪ ਵਿੱਚ ਇਨ੍ਹਾਂ ਵਿਭਾਗਾਂ ਦੁਆਰਾ ਚਲਾਈਆਂ ਜਾਣ ਵਾਲੀਆਂ ਸਵੈ-ਰੋਜ਼ਗਾਰ ਦੀਆਂ ਸਕੀਮਾਂ ਅਤੇ ਉਸ ਵਿੱਚ ਮਿਲਣ ਵਾਲੀਆਂ ਸਹੂਲਤਾਂ/ਸਬਸਿਡੀਆਂ ਅਤੇ ਅਪਲਾਈ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਤਾਂ ਕਿ ਬੇਰੋਜ਼ਗਾਰ ਨੌਜਵਾਨ ਇਨ੍ਹਾਂ ਸਕੀਮਾਂ ਦਾ ਆਸਾਨੀ ਨਾਲ ਲਾਹਾ ਪ੍ਰਾਪਤ ਕਰ ਸਕਣ।ਵੱਖ-ਵੱਖ ਵਿਭਾਗਾਂ ਵੱਲੋਂ ਬੇਰੋਜ਼ਗਾਰਾਂ ਦੀ ਰੁਚੀ ਅਨੁਸਾਰ ਸਵੈ ਰੋਜ਼ਗਾਰ ਸਥਾਪਿਤ ਕਰਨ ਨਾਲ ਸਬੰਧਤ ਅਰਜ਼ੀਆਂ ਵੀ ਪ੍ਰਾਪਤ ਕੀਤੀਆਂ ਗਈਆਂ।ਇਸ ਮੌਕੇ ਹਾਜ਼ਰ ਕਰੀਅਰ ਕਾਊਂਸਲਰ ਬਲਰਾਜ ਸਿੰਘ ਖਹਿਰਾ ਵੱਲੋਂ ਪ੍ਰਾਰਥੀਆਂ ਨੂੰ ਕਿੱਤਾ ਮੁੱਖੀ ਕੋਰਸਾਂ ਅਤੇ ਸਵੈ-ਰੋਜ਼ਗਾਰ ਦੀ ਮਹੱਤਤਾ ਬਾਰੇ ਦੱਸਿਆ ਗਿਆ। ਕੈਂਪ ਦੇ ਪ੍ਰਬੰਧ ਲਈ ਵਿਦਿਆਰਥੀ ਭਲਾਈ ਗਰੁੱਪ ਦੇ ਪ੍ਰੋ: ਬਲਵਿੰਦਰ ਸਿੰਘ, ਬੰਤ ਸਿੰਘ ਡੀ.ਪੀ.ਈ., ਨਰਿੰਦਰਪਾਲ ਸਿੰਘ ਉੱਪਲ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।