ਜਾਅਲੀ ਵੀਜ਼ਾ ਅਤੇ ਹਵਾਈ ਟਿਕਟ ਦੇਣ ਦੇ ਦੋਸ਼
ਸੁਧਾਰ, 18 ਫਰਵਰੀ ( ਜਸਵੀਰ ਹੇਰਾਂ )-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਦੋ ਲੜਕਿਆਂ ਤੋਂ 5.30 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਜਗਸੀਰ ਸਿੰਘ ਕੈਲੇ ਵਾਸੀ ਪਿੰਡ ਮਾਣੂੰਕੇ ਖ਼ਿਲਾਫ਼ ਥਾਣਾ ਸੁਧਾਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਪਿਆਰਾ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਵਾਸੀ ਐਤੀਆਣਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਜਗਸੀਰ ਸਿੰਘ ਨੇ ਉਸ ਨੂੰ ਵਿਦੇਸ਼ ਭੇਜਣ ਦੇ ਬਹਾਨੇ 3.50 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਨੇ ਉਸ ਨੂੰ ਵਰਕ ਪਰਮਿਟ ’ਤੇ ਰੋਮਾਨੀਆ ਭੇਜਣ ਲਈ ਕਿਹਾ ਸੀ ਪਰ ਉਸ ਨੇ ਉਸ ਨੂੰ ਜਾਅਲੀ ਵੀਜ਼ਾ ਲਗਵਾ ਦਿੱਤਾ ਅਤੇ ਉਸ ਨੂੰ ਰੋਮਾਨੀਆ ਦੀ ਬਜਾਏ ਰੂਸ ਦੀ ਫਲਾਈਟ ਟਿਕਟ ਦੇ ਦਿੱਤੀ। ਜਦੋਂ ਉਹ ਏਅਰਪੋਰਟ ਗਿਆ ਤਾਂ ਉਥੋਂ ਵਾਪਸ ਮੋੜ ਦਿੱਤਾ ਗਿਆ। ਇਸੇ ਤਰ੍ਹਾਂ ਰਘਵੀਰ ਸਿੰਘ ਵਾਸੀ ਪਿੰਡ ਅੱਬੂਵਾਲ ਨੂੰ ਸਿੰਗਾਪੁਰ ਭੇਜਣ ਦੇ ਨਾਂ ’ਤੇ 1.80 ਲੱਖ ਰੁਪਏ ਦੀ ਠੱਗੀ ਮਾਰੀ। ਇਸ ਧੋਖਾਧੜੀ ਤੋਂ ਬਾਅਦ ਉਸ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਗਿਆ ਪਰ ਉਸ ਨੇ ਪੈਸੇ ਵਾਪਸ ਨਹੀਂ ਕੀਤੇ। ਕੁਲਵਿੰਦਰ ਸਿੰਘ ਅਤੇ ਰਘੁਬੀਰ ਸਿੰਘ ਦੀ ਸ਼ਿਕਾਇਤ ਦੀ ਜਾਂਚ ਐਸ.ਪੀ ਸਪੈਸ਼ਲ ਕਰਾਈਮ ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਜਗਸੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।