ਜਗਰਾਉਂ, 4 ਮਈ ( ਵਿਕਾਸ ਮਠਾੜੂ)-ਇਲਾਕੇ ਦੀ ਸਿਰਮੌਰ ਸੰਸਥਾ ਜੀ. ਐਚ. ਜੀ. ਅਕੈਡਮੀ ਵਿਖੇ ਪੜ੍ਹਾਈ ਦੇ ਨਾਲ-ਨਾਲ ਧਾਰਮਿਕ ਗਤੀਵਿਧੀਆਂ ਦਾ ਆਯੋਜਨ ਵੀ ਬਹੁਤ ਸ਼ਰਧਾ ਪੂਰਵਕ ਢੰਗ ਨਾਲ ਕੀਤਾ ਜਾਂਦਾ ਹੈ। ਮਿਤੀ 4 ਜੁਲਾਈ, 2013 ਨੂੰ ਸਕੂਲ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਸਕੂਲ ਦੇ ਗੁਰਮਤਿ ਦੇ ਅਧਿਆਪਕ ਹਰਵਿੰਦਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਗੁਰੂ ਅਮਰਦਾਸ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਪੰਦਰ੍ਹਵੀਂ ਸਦੀ ਦਾ ਭਾਰਤ ਧਾਰਮਿਕ ਕੱਟੜਤਾ, ਸਮਾਜਿਕ ਨਾਬਰਾਬਰਤਾ ਅਤੇ ਰਾਜਨੀਤਕ ਫਿਰਕਾਪ੍ਰਸਤੀ ਦਾ ਸੇਕ ਹੰਢਾ ਰਿਹਾ ਸੀ । ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਅਤੇ ਪਾਤਾਲ ਛੂੰਹਦੀ ਵਹਿਮਪ੍ਰਸਤੀ, ਭਾਰਤੀ ਸਭਿਆਚਾਰ ਅਤੇ ਸਮਾਜਿਕ ਸਾਂਝ ਨੂੰ ਦਿਨ-ਬ-ਦਿਨ ਖੋਖਲਾ ਕਰ ਰਹੀ ਸੀ, ਉਸ ਸਮੇਂ ਤੀਸਰੇ ਗੁਰੂ ਸ਼੍ਰੀ ਗੁਰੂ ਅਮਰ ਦਾਸ ਜੀ ਦਾ ਜਨਮ 5 ਮਈ 1479 ਨੂੰ, ਪਿਤਾ ਤੇਜਭਾਨ, ਮਾਤਾ ਲੱਛਮੀ ਜੀ ਦੇ ਘਰ ਪਿੰਡ ਬਾਸਰਕੇ ਵਿਖੇ ਹੋਇਆ। ਗੁਰੂ ਅਮਰਦਾਸ ਜੀ ਨੂੰ ਉਨ੍ਹਾਂ ਦੀ ਸੇਵਾ – ਭਾਵਨਾ ਸਦਕਾ ਗੁਰਗੱਦੀ ਪ੍ਰਾਪਤ ਹੋਈ। ਬਿਰਧ ਅਵਸਥਾ ਵਿੱਚ ਵੀ, ਰੋਜ਼ ਬਿਆਸ ਤੋਂ ਗਾਗਰ ਪਾਣੀ ਦੀ ਗੁਰੂ ਸਾਹਿਬ ਜੀ ਦੇ ਇਸ਼ਨਾਨ ਲਈ ਭਰ, ਸੀਸ ਪੁਰ ਟਿਕਾ ਕੇ ਲਿਆਉਣੀ । ਰੁੱਤਾਂ ਬੀਤੀਆਂ, ਸਿਆੜ ਆਏ, ਅਨੇਕ ਝੱਖੜ ਝੁੱਲੇ ਨੇਮ ਨਹੀਂ ਹਾਰਿਆ ।ਆਖ਼ਰ ਸੇਵਾ ਘਾਲਣਾ ਤੇ ਪ੍ਰੇਮਾ ਭਗਤੀ ਪ੍ਰਵਾਨ ਹੋਈ ਤਾਂ ਦੂਜੇ ਗੁਰੂ ਅੰਗਦ ਦੇਵ ਜੀ ਨੇ ਚੇਤ ਮਹੀਨੇ ਸਾਲ 1552 ਈ: ਵਿੱਚ ਆਪ ਨੂੰ ਗੁਰੂ ਗੱਦੀ ਦਿੱਤੀ। ਭੱਟਾਂ ਨੇ ਉਸਤਤਿ ਪ੍ਰਤੱਖ ਕੀਤੀ –“ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ”
ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ ਅਤੇ 1574 ਵਿੱਚ ਜੋਤੀ – ਜੋਤ ਸਮਾ ਗਏ। ਇਸ ਮੌਕੇ ‘ਤੇ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਦਾ ਸ੍ਰੀ ਗੁਰੂ ਅਮਰਦਾਸ ਜੀ ਨਾਲ ਸਬੰਧਤ ਪ੍ਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। ਹਰ ਜਮਾਤ ਦੇ ਵਿਦਿਆਰਥੀਆਂ ਨੂੰ ਚਾਰ ਹਾਊਸ ਵਿੱਚ ਵੰਡ ਕੇ ਉਨ੍ਹਾਂ ਨੂੰ ਪ੍ਰਸ਼ਨ ਪੁੱਛੇ ਗਏ। ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਸਕੂਲ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਹੋਇਆਂ ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਉਸ ਉੱਪਰ ਚਲਣ ਲਈ ਪ੍ਰੇਰਿਤ ਕੀਤਾ।