ਭਿੱਖੀਵਿੰਡ(ਵਿਕਾਸ ਮਠਾੜੂ)ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਦੇਖ ਰੇਖ ਹੇਠ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਦੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਤੇ ਪੁਰਾਤਨ ਖੂਹੀ ਦੀ ਕਾਰ ਸੇਵਾ ਚੱਲ ਰਹੀ ਹੈ। ਕਾਰ ਸੇਵਾ ਦੌਰਾਨ ਸਰਬ ਲੋਹੇ ਦੀ ਗਾਗਰ ਖ਼ਸਤਾ ਹਾਲਤ, ਕਿਰਪਾਨ ਦਾ ਟੁੱਟਾ ਹੋਇਆ ਮੁੱਠਾ, ਕੜਛੀ, ਖੰਜਰ, ਲੋਹੇ ਦੀਆਂ ਟਿੰਡਾਂ, ਪੁਰਾਤਨ ਸਮੇਂ ਦੀ ਅੰਗਰੇਜੀ ਸ਼ਬਦ ਲਿਖੀ ਮੋਹਰ ਆਦਿ ਸਾਮਾਨ ਮਿਲਿਆ ਹੈ। ਗੁਰਦੁਆਰਾ ਸਾਹਿਬ ਦੀ ਚੱਲ ਰਹੀ ਸੇਵਾ ਦੌਰਾਨ ਹਾਜ਼ਰ ਪੰਚ ਹਰਜੀਤ ਸਿੰਘ, ਮੁੱਖ ਗ੍ਰੰਥੀ ਬਾਬਾ ਸੇਵਾ ਸਿੰਘ, ਬਘੇਲ ਸਿੰਘ, ਗੁਰਦਿਆਲ ਸਿੰਘ, ਹਰਦੇਵ ਸਿੰਘ, ਪਰਮਜੀਤ ਸਿੰਘ ਨੇ ਕਿਹਾ ਸੇਵਾ ਪੰਥੀ ਟਕਸਾਲ ਬੀਬੀ ਕੌਲਾਂ ਭਲਾਈ ਕੇਂਦਰ ਟਰੱਸਟ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਵੱਲੋਂ ਸੰਸਥਾ ਦੇ ਸੇਵਾਦਾਰਾ ਭਾਈ ਹਰਮਿੰਦਰ ਸਿੰਘ ਵਰਗਿਆਂ ਦੇ ਸਹਿਯੋਗ ਸਦਕਾ ਬਹੁਤ ਸਾਰੇ ਇਤਿਹਾਸੀ ਗੁਰਦੁਆਰੇ, ਵੱਖ-ਵੱਖ ਸਕੂਲਾਂ ਅਤੇ ਚੈਰੀਟੇਬਲ ਹਸਪਤਾਲਾਂ ਦੀ ਸੇਵਾ ਸੰਗਤ ਦੇ ਸਹਿਯੋਗ ਸਦਕਾ ਕਰਵਾਈ ਜਾ ਰਹੀ ਹੈ। ਭਾਈ ਹਰਮਿੰਦਰ ਸਿੰਘ ਨੇ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਆਪਣੀ ਨੇਕ ਕਮਾਈ ’ਚੋਂ ਦਸਵੰਧ ਕੱਢ ਕੇ ਸੇਵਾ ਪੰਥੀ ਕਾਰਜਾਂ ਵਿਚ ਹਿੱਸਾ ਪਾਇਆ ਜਾਵੇ ਤਾਂ ਜੋ ਭਾਈ ਤਾਰੂ ਸਿੰਘ ਵਰਗੇ ਮਹਾਨ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਜ਼ਿੰਦਾ ਰੱਖਿਆ ਜਾ ਸਕੇ।