ਪਰਿਵਾਰ ਦੇ ਇਲਜ਼ਾਮ – ਕੁੱਟਮਾਰ ਕਰਕੇ ਘਰੋਂ ਬਾਹਰ ਕੱਢਿਆ
ਜਗਰਾਓਂ, 6 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ )-ਮੁਹੱਲਾ ਰਾਣੀਵਾਲਾ ਖੂਹ ਨੇੜੇ ਸੱਤ ਨੰਬਰ ਚੁੰਗੀ ਵਿਖੇ ਰਹਿਣ ਵਾਲੇ ਟਿਊਸ਼ਨ ਅਧਿਆਪਕ ਨੇ ਦੂਜੀ ਜਮਾਤ ’ਚ ਪੜ੍ਹਦੀ ਛੋਟੀ ਬੱਚੀ ਦੀ ਇੰਨੀ ਕੁੱਟਮਾਰ ਕੀਤੀ ਕਿ ਉਸ ਦੇ ਬੁੱਲ੍ਹ ਅਤੇ ਚਿਹਰਾ ਸੁੱਜ ਗਿਆ। ਕੁੱਟਮਾਰ ਕਾਰਨ ਉਸ ਦੀ ਗਰਦਨ, ਪਿੱਠ ਅਤੇ ਲੱਤਾਂ ’ਤੇ ਕੁੱਟਮਾਰ ਦੇ ਨਿਸ਼ਾਨ ਪੈ ਗਏ। ਲੜਕੀ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਲਵਪ੍ਰੀਤ ਕੌਰ ਆਦਰਸ਼ ਕੰਨਿਆ ਸਕੂਲ ਵਿੱਚ ਦੂਜੀ ਜਮਾਤ ਵਿੱਚ ਪੜ੍ਹਦੀ ਹੈ। ਉਸ ਨੂੰ ਮੁਹੱਲਾ ਰਾਣੀ ਵਾਲਾ ਖੂਹ ਨੇੜੇ ਚੁੰਗੀ ਨੰਬਰ 7 ਵਿਖੇ ਟਿਊਸ਼ਨ ਅਧਿਆਪਕ ਕੋਲ ਪੜ੍ਹਨ ਲਈ ਲਾਇਆ ਸੀ। ਅੱਜ ਮੈਂ ਉਸਨੂੰ ਟਿਊਸ਼ਨ ਲਈ ਟੀਚਰ ਦੇ ਘਰ ਛੱਡ ਕੇ ਗਿਆ ਸੀ। ਉਸ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੀ ਬੱਚੀ ਲਵਪ੍ਰੀਤ ਕੌਰ ਬੁਰੀ ਤਰ੍ਹਾਂ ਰੋਂਦੀ ਹੋਈ ਘਰ ਆਈ। ਉਸਦਾ ਚਿਹਰਾ ਸੁੱਜਿਆ ਹੋਇਆ ਸੀ ਅਤੇ ਉਸਦੇ ਕੱਪੜੇ ਫਟੇ ਹੋਏ ਸਨ। ਪੁੱਛਣ ’ਤੇ ਉਸ ਨੇ ਦੱਸਿਆ ਕਿ ਟਿਊਸ਼ਨ ਟੀਚਰ ਨੇ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ ਹੈ। ਬੁਰੀ ਤਰ੍ਹਾਂ ਜ਼ਖਮੀ ਲੜਕੀ ਨੂੰ ਉਸਦੇ ਮਾਂ ਬਾਪ ਲੈ ਕੇ ਥਾਣਾ ਸਿਟੀ ਵਿਖੇ ਪਹੁੰਚੇ ਅਤੇ ਥਾਣਾ ਇੰਚਾਰਜ ਇੰਸਪੈਕਟਰ ਹੀਰਾ ਸਿੰਘ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਏ।
ਪਰਿਵਾਰਕ ਮੈਂਬਰਾਂ ਨੂੰ ਵੀ ਬਾਹਰ ਕੱਢਿਆ-ਕੁੱਟਮਾਰ ਦਾ ਸ਼ਿਕਾਰ ਹੋਈ ਲੜਕੀ ਲਵਪ੍ਰੀਤ ਕੌਰ ਘਰ ਪਹੁੰਚੀ ਤਾਂ ਉਸਦੀ ਹਾਲਤ ਦੇਖ ਉਸਦੀ ਤਾਈ ਲੜਕੀ ਨੂੰ ਨਾਲ ਲੈ ਕੇ ਟਿਊਸ਼ਨ ਟੀਚਰ ਦੇ ਘਰ ਸ਼ਿਕਾਇਤ ਕਰਨ ਪਹੁੰਚੀ ਤਾਂ ਉਸਨੇ ਉਸਦੀ ਗੱਲ ਸੁਣਨ ਤੋਂ ਇਨਕਾਰ ਕਰ ਦਿਤਾ ਅਤੇ ਦੋਵਾਂ ਨੂੰ ਇਹ ਕਹਿ ਕੇ ਘਰੋਂ ਬਾਹਰ ਕੱਢ ਦਿੱਤਾ ਕਿ ਉਸਦੇ ਮਾਤਾ-ਪਿਤਾ ਆ ਕੇ ਮੇਰੇ ਨਾਲ ਗੱਲ ਕਰਨ, ਤੁਸੀਂ ਮੇਰੇ ਨਾਲ ਗੱਲ ਕਰਨ ਵਾਲੇ ਕੌਣ ਹੁੰਦੇ ਹੋ।
ਟਿਊਸ਼ਨ ਦਾ ਬੋਰਡ ਦੇਖ ਕੇ ਲਗਾਇਆ ਸੀ ਟਿਊਸ਼ਨ-ਪੀੜਤ ਲੜਕੀ ਲਵਪ੍ਰੀਤ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਉਕਤ ਔਰਤ ਨੇ ਆਪਣੇ ਘਰ ਦੇ ਬਾਹਰ ਟਿਊਸ਼ਨ ਪੜ੍ਹਾਉਣ ਦਾ ਬੋਰਡ ਲਗਾਇਆ ਹੋਇਆ ਸੀ। ਬੋਰਡ ਦੇਖ ਕੇ ਉਸ ਨੇ ਆਪਣੀ ਲੜਕੀ ਨੂੰ ਉਸਦੇ ਕੋਲ ਟਿਊਸ਼ਨ ਪੜ੍ਹਨ ਲਈ ਲਗਾਇਆ ਸੀ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਕਤ ਔਰਤ ਕਿਸੇ ਸਕੂਲ ਵਿੱਚ ਪੜ੍ਹਾਉਂਦੀ ਹੈ ਜਾਂ ਨਹੀਂ।
ਕੀ ਕਹਿਣਾ ਹੈ ਥਾਣਾ ਇੰਚਾਰਜ ਦਾ- ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਹੀਰਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁੱਟਮਾਰ ਕਾਰਨ ਜ਼ਖਮੀ ਹੋਈ ਲੜਕੀ ਦੇ ਪਪਿਵਾਰ ਵਾਲੇ ਲੜਕੀ ਨੂੰ ਨਾਲ ਲੈ ਕੇ ਆਏ ਸਨ। ਪਰ ਲੜਕੀ ਨੂੰ ਪਹਿਲਾਂ ਇਲਾਜ ਦੀ ਲੋੜ ਸੀ। ਜਿਸ ਕਾਰਨ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਉਥੋਂ ਆਉਣ ਵਾਲੀ ਰਿਪੋਰਟ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।