ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਨਜਦੀਕ 31 ਘੰਟਿਆਂ ‘ਚ ਲਗਾਤਾਰ ਦੂਜੀ ਵਾਰ ਬੰਬ ਧਮਾਕਾ ਹੋਣ ਕਾਰਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਖੁਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਮੌਕੇ ’ਤੇ ਪਹੁੰਚ ਕੇ ਇਸਦੀ ਜਾਂਚ ਸ਼ੁਰੂ ਕੀਤੀ ਗਈ। ਪੰਜਾਬ ਸਰਹੱਦੀ ਇਲਾਕਾ ਹੋਣ ਕਾਰਨ ਹਮੇਸ਼ਾ ਹੀ ਬਾਹਰੀ ਏਜੰਸੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਨਜ਼ਰ ਵਿਚ ਰਿਹਾ ਹੈ। ਜਿਸ ਕਾਰਨ ਇਥੇ ਸਮੇਂ ਸਮੇਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਸਾਜਿਸ਼ਾ ਰਚੀਆਂ ਰਹੀਆਂ ਹਨ। ਪੰਜਾਬ ਨੇ ਪਿਛਲਾ ਲੰਬਾ ਸਮਾਂ ਕਾਲਾ ਦੌਰ ਦਾ ਸਾਹਮਣਾ ਕੀਤਾ। ਜਿਸ ਵਿਚ ਪੰਜਾਬ ਵਾਸੀ ਹਰ ਤਰ੍ਹਾਂ ਦੇ ਸੰਤਾਪ ਭੋਗ ਚੁੱਕੇ ਹਨ। ਹੁਣ ਕੋਈ ਵੀ ਪੰਜਾਬ ਵਿਚ ਮੁੜ ਤੋਂ ਪੁਰਾਣੇ ਹਾਲਾਤ ਨਹੀਂ ਦੇਖਣਾ ਚਾਹੁੰਦਾ। ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਲਈ ਕਦੇ ਇਸ ਤਰ੍ਹਾਂ ਬੰਬ ਧਮਾਕਿਆਂ ਨਾਲ ਦਹਿਲਾਇਆ ਗਿਆ, ਕਦੇ ਗੈਂਗਵਾਰ ਦੇ ਨਾਂ ’ਤੇ ਲੜਾਈਆਂ ਹੋਈਆਂ। ਹੁਣ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਹੋ ਰਹੇ ਧਮਾਕੇ ਵੀ ਗਹਿਰੀ ਸਾਜਿਸ਼ ਦਾ ਇਸ਼ਾਰਾ ਕਰ ਰਹੇ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਦੁਨੀਆਂ ਭਰ ਵਿੱਚ ਬੈਠੇ ਸਿੱਖਾਂ ਲਈ ਪਵਿੱਤਰ ਸਥਾਨ ਹੈ। ਇੱਥੇ ਸਿਰਫ਼ ਸਿੱਖ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਦੇ ਹੋਰ ਭਾਈਚਾਰਿਆਂ ਦੇ ਲੋਕ ਵੀ ਇੱਥੇ ਨਤਮਤਿਕ ਹੋਣ ਲਈ ਆਉਂਦੇ ਹਨ। ਦੇਸ਼ ਵਿਰੋਧੀ ਤਾਕਤਾਂ ਇਹ ਸੋਚ ਰਹੀਆਂ ਹੋ ਸਕਦੀ ਹੈ ਕਿ ਦਰਬਾਰ ਸਾਹਿਬ ਦੇ ਨੇੜੇ ਅਜਿਹੀ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਆਸਾਨੀ ਨਾਲ ਮਾਹੌਲ ਨੂੰ ਵਿਗਾੜ ਸਕਦੀ ਹੈ। ਪਰ ਹੁਣ ਸਥਿਤੀ ਅਜਿਹੀ ਨਹੀਂ ਹੈ ਕਿ ਅਜਿਹੇ ਲੋਕਾਂ ਦੀ ਇੱਛਾ ਅਨੁਸਾਰ ਅਜਿਹਾ ਕੁਝ ਹੋ ਜਾਵੇ। ਸਿੱਖਾਂ ਦੀਆਂ ਭਾਵਨਾਵਾਂ ਸ੍ਰੀ ਦਰਬਾਰ ਸਾਹਿਬ ਨਾਲ ਡੂੰਘੀਆਂ ਜੁੜੀਆਂ ਹੋਈਆਂ ਹਨ। ਇਸ ਲਈ ਆਲੇ ਦੁਆਲੇ ਅਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਅਜਿਹੀ ਕਾਰਵਾਈ ਕਰਨ ਵਾਲੇ ਦੇਸ਼ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਹਾਲਤ ਵਿਚ ਕਾਮਯਾਬ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਪੰਜਾਬ ਵਿਚ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਸਮੇਂ-ਸਮੇਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਜਿਨ੍ਹਾਂ ਨੇ ਸਮੁੱਚੀ ਕੌਮ ਨੂੰ ਠੇਸ ਪਹੁੰਚਾਈ ਹੈ। ਜਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਹੇ ਹਨ ਅਤੇ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਪੁਲਿਸ ਜਲਦੀ ਹੀ ਕਿਸੇ ਨਤੀਜੇ ’ਤੇ ਪਹੁੰਚ ਜਾਵੇਗੀ ਅਤੇ ਪੂਰੀ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ। ਯਕੀਨਨ ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਕਿਉਂਕਿ ਅਜਿਹੀਆਂ ਘਟਨਾਵਾਂ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਪ੍ਰਭਾਵ ਛੱਡਦੀਆਂ ਹਨ। ਧਰਮ ਦੇ ਨਾਂ ’ਤੇ ਇੱਥੇ ਕੁਝ ਵੀ ਕੀਤਾ ਅਤੇ ਕਰਵਾਇਆ ਜਾ ਸਕਦਾ ਹੈ। ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਇਤਿਹਾਸ ਦੇ ਪੰਨਿਆਂ ਤੋਂ ਮਿਲ ਸਕਦੀਆਂ ਹਨ। ਜੇਕਰ ਦੇਸ਼ ਵਿਰੋਧੀ ਤਾਕਤਾਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਿੱਚ ਕਾਮਯਾਬ ਹੋ ਜਾਂਦੀਆਂ ਹਨ ਤਾਂ ਨੁਕਸਾਨ ਝੱਲਣਾ ਔਖਾ ਹੋ ਜਾਵੇਗਾ। ਪੰਜਾਬ ਮੁੜ ਅਜਿਹਾ ਨੁਕਸਾਨ ਹੁਣ ਸਹਿਣ ਕਰਨ ਦੀ ਸਥਿਤੀ ਵਿੱਚ ਨਹੀਂ ਹੈ।
ਹਰਵਿੰਦਰ ਸਿੰਘ ਸੱਗੂ।