ਜਗਰਾਓਂ, 9 ਮਈ ( ਜਗਰੂਪ ਸੋਹੀ )- ਰਾਹਗੀਰ ਨੂੰ ਰਸਤੇ ’ਚ ਲੁੱਟਣ ਦੇ ਦੋਸ਼ ’ਚ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਬੱਸ ਅੱਡਾ ਪੁਲਿਸ ਚੌਕੀ ਵਲੋਂ ਗ੍ਰਿਫਤਾਰ ਕਰ ਲਿਆ ਹੈ। ਜਦਕਿ ਉਸਦੇ 2 ਸਾਥੀ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹਨ। ਏਐਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਰਾਜਵੀਰ ਸਿੰਘ ਵਾਸੀ ਪਿੰਡ ਨੈਪਲਾ ਥਾਣਾ ਨੰਗਲ ਚੌਧਰੀ ਜ਼ਿਲ੍ਹਾ ਮਹਿੰਦਰਗੜ੍ਹ ਹਰਿਆਣਾ ਮੌਜੂਦਾ ਕਿਰਾਏਦਾਰ ਹਰਜਿੰਦਰ ਗਰਗ ਨੇੜੇ ਸ਼ੇਰਪੁਰ ਚੌਕ ਚਾਵਲਾ ਕਲੋਨੀ ਜਗਰਾਉਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਲਾਲ ਪੈਲੇਸ ਸਿਨੇਮਾ ਵਿੱਚ ਕੰਮ ਕਰਦਾ ਹੈ। ਰਾਤ ਦਾ ਸ਼ੋਅ ਖਤਮ ਹੋਣ ਤੋਂ ਬਾਅਦ ਕਰੀਬ 11 ਵਜੇ ਉਹ ਆਪਣੀ ਐਕਟਿਵਾ ਸਕੂਟੀ ’ਤੇ ਲਾਲ ਪੈਲੇਸ ਤੋਂ ਘਰ ਜਾ ਰਿਹਾ ਸੀ। ਜਦੋਂ ਮੈਂ ਸ਼ੇਰਪੁਰ ਚੌਕ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਮੇਰਾ ਪਿੱਛਾ ਕੀਤਾ। ਉਨ੍ਹਾਂ ਨੇ ਆਪਣਾ ਮੋਟਰਸਾਈਕਲ ਮੇਰੀ ਸਕੂਟੀ ਅੱਗੇ ਲਾ ਦਿੱਤਾ ਅਤੇ ਮੈਨੂੰ ਘੇਰ ਲਿਆ। ਇਨ੍ਹਾਂ ਵਿੱਚੋਂ ਇੱਕ ਨੇ ਮੈਨੂੰ ਬੇਸਬਾਲ ਦਿਖਾ ਕੇ ਡਰਾਇਆ ਅਤੇ ਬਾਕੀ ਦੋ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੀ ਪੈਂਟ ਦੀ ਜੇਬ ਵਿੱਚੋਂ ਮੋਬਾਈਲ ਫ਼ੋਨ ਅਤੇ 500 ਰੁਪਏ ਕੱਢ ਕੇ ਫਰਾਰ ਹੋ ਗਏ। ਉਨ੍ਹਾਂ ਦੀ ਪੁੱਛ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਮੈਨੂੰ ਲੁੱਟਣ ਵਾਲੇ ਵਿਅਕਤੀ ਗੁਰਪ੍ਰੀਤ ਸਿੰਘ ਉਰਫ ਗੋਪੀ, ਗੁਰਚਰਨ ਸਿੰਘ ਉਰਫ ਗੋਲੀ ਅਤੇ ਬਲਵਿੰਦਰ ਸਿੰਘ ਉਰਫ ਬਿੰਦਾ ਵਾਸੀ ਚੂਹੜਚੱਕ ਜ਼ਿਲਾ ਮੋਗਾ ਹਨ। ਏਐਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਰਾਜਵੀਰ ਸਿੰਘ ਦੀ ਸ਼ਿਕਾਇਤ ’ਤੇ ਇਨ੍ਹਾਂ ਤਿੰਨਾਂ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਕੇਸ ਦਰਜ ਕਰਕੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਐਲਆਈਸੀ ਚੌਕ ਜਗਰਾਉਂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਇਸ ਦੇ ਦੋ ਹੋਰ ਸਾਥੀਆਂ ਗੁਰਚਰਨ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।