Home ਪਰਸਾਸ਼ਨ ਨੀਤੀ ਆਯੋਗ ਵੱਲੋ ਜ਼ਿਲ੍ਹਾ ਮੋਗਾ ਵਿੱਚ ਕਮਿਊਨਿਟੀ ਲਾਇਬਰੇਰੀਆਂ ਖੋਲ੍ਹਣ ਲਈ 2 ਕਰੋੜ...

ਨੀਤੀ ਆਯੋਗ ਵੱਲੋ ਜ਼ਿਲ੍ਹਾ ਮੋਗਾ ਵਿੱਚ ਕਮਿਊਨਿਟੀ ਲਾਇਬਰੇਰੀਆਂ ਖੋਲ੍ਹਣ ਲਈ 2 ਕਰੋੜ ਰੁਪਏ ਦੀ ਰਾਸ਼ੀ ਜਾਰੀ

27
0

ਮੋਗਾ, 10 ਮਈ ( ਮੋਹਿਤ ਜੈਨ ) – ਜ਼ਿਲ੍ਹਾ ਮੋਗਾ ਦੇ ਲੋਕਾਂ ਵਿੱਚ ਪੜ੍ਹਨ ਲਿਖਣ ਦੀ ਰੁਚੀ ਨੂੰ ਹੋਰ ਪ੍ਰਪੱਕ ਕਰਨ ਅਤੇ ਨੌਜਵਾਨਾਂ ਨੂੰ ਸਾਹਿਤ ਅਤੇ ਪੜ੍ਹਾਈ ਨਾਲ ਜੋਡ਼ਨ ਦੇ ਮਕਸਦ ਨਾਲ ਜ਼ਿਲ੍ਹਾ ਮੋਗਾ ਵਿੱਚ ਕਮਿਊਨਿਟੀ ਲਾਇਬਰੇਰੀਆਂ ਖੋਲ੍ਹਣ ਦੇ ਪ੍ਰਸਤਾਵ ਨੂੰ ਨੀਤੀ ਆਯੋਗ ਨੇ ਮਨਜੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਨੀਤੀ ਆਯੋਗ ਵੱਲੋਂ 2 ਕਰੋਡ਼ ਰੁਪਏ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਨੀਤੀ ਆਯੋਗ ਵੱਲੋ ਐਲਾਨੇ ਗਏ ਐਸਪੀਰੇਸ਼ਨਲ ਜ਼ਿਲ੍ਹਿਆਂ ਦੀ ਸੂਚੀ ਵਿੱਚ ਦਰਜ ਹੈ। ਪਿਛਲੇ ਸਮੇਂ ਦੌਰਾਨ ਨੀਤੀ ਆਯੋਗ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਲੋਕਾਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਪ੍ਰੋਜੈਕਟ ਤਿਆਰ ਕਰਕੇ ਭੇਜਣ ਲਈ ਕਿਹਾ ਗਿਆ ਸੀ। ਜਿਸ ਉੱਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਉਕਤ ਪ੍ਰਸਤਾਵ ਬਣਾ ਕੇ ਭੇਜਿਆ ਸੀ। ਜਿਸ ਨੂੰ ਨੀਤੀ ਆਯੋਗ ਨੇ ਮੰਨ ਲਿਆ ਹੈ ਅਤੇ ਇਸ ਮਕਸਦ ਲਈ ਤੁਰੰਤ 2 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਕੋਸ਼ਿਸ਼ ਹੈ ਕਿ ਹਰੇਕ ਸਬ ਡਵੀਜ਼ਨ ਵਿੱਚ ਦੋ ਵਧੀਆ ਕਮਿਊਨਿਟੀ ਲਾਇਬਰੇਰੀਆਂ ਸਥਾਪਤ ਕੀਤੀਆਂ ਜਾਣ। ਇਹ ਲਾਇਬਰੇਰੀਆਂ ਦੋ ਗੇੜਾਂ ਵਿੱਚ ਬਣਾਈਆਂ ਜਾਣਗੀਆਂ। ਪਹਿਲੇ ਗੇਡ਼ ਵਿੱਚ ਹਰੇਕ ਸਬ-ਡਵੀਜ਼ਨ ਵਿੱਚ 1 ਲਾਇਬਰੇਰੀ ਖੋਲ੍ਹੀ ਜਾਵੇਗੀ। ਇਹਨਾਂ ਲਾਇਬਰੇਰੀਆਂ ਨੂੰ ਸਰਕਾਰੀ ਇਮਾਰਤਾਂ, ਖਾਸ ਕਰਕੇ ਸਹਿਕਾਰੀ ਸਭਾਵਾਂ, ਵਿੱਚ ਖੋਲ੍ਹਣ ਨੂੰ ਤਰਜੀਹ ਦਿੱਤੀ ਜਾਵੇਗੀ। ਕਿਹੜੇ ਪਿੰਡ ਜਾਂ ਖੇਤਰ ਵਿੱਚ ਖੋਲ੍ਹਣੀ ਹੈ, ਇਸ ਬਾਰੇ ਸੰਬੰਧਤ ਖੇਤਰ ਦੇ ਪਾਠਕਾਂ ਦੀ ਰੁਚੀ ਅਤੇ ਪ੍ਰਬੰਧ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਹ ਲਾਇਬਰੇਰੀਆਂ ਅਤਿ-ਆਧੁਨਿਕ ਤਕਨੀਕ ਨਾਲ ਲੈੱਸ ਹੋਣਗੀਆਂ। ਇਨਾਂ ਵਿੱਚ ਉੱਚ ਪੱਧਰ ਦੀਆਂ ਕਿਤਾਬਾਂ ਹੋਣ ਦੇ ਨਾਲ-ਨਾਲ ਡਿਜੀਟਲ ਕੰਟੈਂਟ ਵੀ ਰੱਖਿਆ ਜਾਵੇਗਾ। ਲਾਇਬਰੇਰੀਆਂ ਵਿੱਚ ਲੋੜੀਂਦਾ ਸਟਾਫ਼, ਇੰਟਰਨੈੱਟ ਸੁਵਿਧਾ, ਪਖਾਨੇ, ਰੀਡਿੰਗ ਰੂਮ ਅਤੇ ਰੈਫਰੈਂਸ ਰੂਮ ਆਦਿ ਹੋਰ ਸਹੂਲਤਾਂ ਹੋਣਗੀਆਂ। ਇਸ ਤੋਂ ਇਲਾਵਾ ਜੇਕਰ ਕਿਸੇ ਨੇ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਰਨੀ ਹੈ ਤਾਂ ਉਨ੍ਹਾਂ ਲਈ ਵਿਸ਼ੇਸ਼ ਏਰੀਆ ਰਿਜ਼ਰਵ ਰੱਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਨੀਤੀ ਆਯੋਗ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵੀ ਜ਼ਿਲ੍ਹਾ ਮੋਗਾ ਵਿੱਚ ਇੱਕ ਜਨਤਕ ਲਾਇਬਰੇਰੀ ਖੋਲ੍ਹੀ ਜਾ ਰਹੀ ਹੈ। ਇਸ ਲਈ ਸਥਾਨਕ ਗੀਤਾ ਭਵਨ ਵਾਲੀ ਪਾਰਕ ਵਿੱਚ ਜਗ੍ਹਾ ਨਿਰਧਾਰਤ ਕਰ ਲਈ ਗਈ ਹੈ। ਇਸ ਲਾਇਬਰੇਰੀ ਲਈ ਪੰਜਾਬ ਸਰਕਾਰ ਵੱਲੋਂ ਬਕਾਇਦਾ ਬਜਟ ਵਿੱਚ ਰਾਸ਼ੀ ਰਾਖਵੀਂ ਰੱਖੀ ਗਈ ਹੈ। ਡਿਪਟੀ ਕਮਿਸ਼ਨਰ ਨੇ ਅੱਜ ਆਪਣੇ ਦਫ਼ਤਰ ਵਿਖੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਨੀਤੀ ਆਯੋਗ ਦੀਆਂ ਲਾਇਬਰੇਰੀਆਂ ਸਥਾਪਤ ਕਰਨ ਲਈ ਢੁਕਵੇਂ ਸਥਾਨਾਂ ਦੀ ਭਾਲ ਕਰਨ ਦੀ ਹਦਾਇਤ ਕੀਤੀ।
ਉਨ੍ਹਾਂ ਕਿਹਾ ਕਿ ਭਾਵੇਂਕਿ ਨੀਤੀ ਆਯੋਗ ਵੱਲੋਂ ਇਹ ਲਾਇਬਰੇਰੀਆਂ ਸਥਾਪਤ ਕਰਨ ਲਈ ਦੋ ਸਾਲ ਦਾ ਸਮਾਂ ਦਿੱਤਾ ਗਿਆ ਹੈ ਪਰ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਕੋਸ਼ਿਸ਼ ਰਹੇਗੀ ਕਿ ਲਾਇਬਰੇਰੀਆਂ ਜਲਦ ਤੋਂ ਜਲਦ ਆਮ ਲੋਕਾਂ ਲਈ ਖੋਲ੍ਹ ਦਿੱਤੀਆਂ ਜਾਣ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਦਾ ਲਾਭ ਲੈ ਸਕਣ। ਉਨ੍ਹਾਂ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਵਧੀਆ ਕਿਤਾਬਾਂ ਇਨ੍ਹਾਂ ਲਾਇਬਰੇਰੀਆਂ ਲਈ ਦਾਨ ਕਰਨ। ਇਸ ਤੋਂ ਇਲਾਵਾ ਇਨ੍ਹਾਂ ਲਾਇਬਰੇਰੀਆਂ ਨੂੰ ਚਲਾਉਣ ਲਈ ਵੀ ਆਮ ਲੋਕਾਂ ਦੇ ਸਹਿਯੋਗ ਦੀ ਲੋੜ੍ਹ ਹੈ।

LEAVE A REPLY

Please enter your comment!
Please enter your name here