ਫਾਜ਼ਿਲਕਾ, 10 ਮਈ (ਭਗਵਾਨ ਭੰਗੂ) : ਭਾਸ਼ਾ ਵਿਭਾਗ ਵੱਲੋਂ ਜਿਲ੍ਹਾ ਭਾਸ਼ਾ ਅਫਸਰ ਫਾਜ਼ਿਲਕਾ ਸ੍ਰੀ ਭੁਪਿੰਦਰ ਉਤਰੇਜਾ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਗੱਦਾ ਡੋਬ (ਫਾਜ਼ਿਲਕਾ) ਵਿਖੇ ਸਕੂਲ ਪੱਧਰ ਤੇ ਸਾਹਿਤ ਸਿਰਜਨ ਮੁਕਾਬਲੇ ਅਤੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਜਿਸਨੂੰ ਸਕੂਲ ਦੇ ਮੁੱਖ ਅਧਿਆਪਕ ਬੀਰੂ ਕਾਂਗੜਾ, ਸਮੂਹ ਸਕੂਲ ਸਟਾਫ ਅਤੇ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਸ੍ਰੀ ਰਮੇਸ਼ ਕੁਮਾਰ ਅਤੇ ਸਮੂਹ ਸਟਾਫ ਦੇ ਸਾਂਝੇ ਅਤੇ ਸੁਹਿਰਦ ਯਤਨਾਂ ਨਾਲ ਸਫਲਤਾ ਪੂਰਵਕ ਨੇਪਰੇ ਚੜ੍ਹਾਇਆ ਗਿਆ।ਜਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ ਵੱਲੋਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੂੰ ਸਾਹਿਤ ਸਿਰਜਨਾ ਲਈ ਉਤਸ਼ਾਹਿਤ ਕਰਦੇ ਹੋਏ ਆਪੋ-ਆਪਣੇ ਅਨੁਭਵ ਸਾਂਝੇ ਕੀਤੇ ਗਏ। ਪਿੰਡ ਦੀਆਂ ਮੋਹਤਵਰ ਸ਼ਖਸੀਅਤਾਂ ਸ. ਜੀਤ ਸਿੰਘ ਗਿੱਲ ਸਾਬਕਾ ਸਰਪੰਚ, ਸੁਖਚੈਨ ਸਿੰਘ ਗਿੱਲ ਪੰਚ, ਡਾਕਟਰ ਗੁਰਮੀਤ ਸਿੰਘ ਗਿੱਲ, ਸ਼ਾਹਬਾਜ ਸਿੰਘ ਬਰਾੜ ਸਾਬਕਾ ਸਕੂਲ ਚੇਅਰਮੈਨ, ਗੁਲਬਾਗ ਸਿੰਘ ਬਰਾੜ, ਸਤਿਨਾਮ ਸਿੰਘ ਗਿੱਲ ਦੀ ਹਾਜਰੀ ਨੇ ਇਹਨਾਂ ਮੁਕਾਬਲਿਆਂ ਨੂੰ ਚਾਰ ਚੰਦ ਲਾਉਣ ਦੀ ਭੂਮਿਕਾ ਬਾਖੂਬੀ ਨਿਭਾਈ।ਪਿੰਡ ਦੇ ਐਡਵੋਕੇਟ ਅਤੇ ਸਮਾਜ ਸੇਵਕ ਰਵਿੰਦਰ ਸਿੰਘ ਗਿੱਲ, ਗੁਰਮੀਤ ਸਿੰਘ ਗਿੱਲ, ਸਤਿਨਾਮ ਸਿੰਘ ਗਿੱਲ, ਸ੍ਰੀ ਵਿਜੇਅੰਤ ਜੁਨੇਜਾ ਅਧਿਆਪਕ, ਸੋਹਣ ਸਿੰਘ ਅਧਿਆਪਕ ਸ. ਭੁਪਿੰਦਰ ਸਿੰਘ ਬਰਾੜ ਸੇਵਾਮੁਕਤ ਪ੍ਰਿੰਸੀਪਲ ਅਤੇ ਪਰੋਗਾਮ ਦੇ ਅੰਤ ਵਿੱਚ ਪਤਵੰਤੇ ਸੱਜਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹਾਈ ਅਤੇ ਪ੍ਰਾਇਮਰੀ ਦੋਹਾਂ ਹੀ ਸਕੂਲ ਮੁਖੀਆਂ ਸ੍ਰੀ ਬੀਰੂ ਕਾਂਗੜਾ ਅਤੇ ਰਮੇਸ਼ ਕੁਮਾਰ ਨੇ ਜਿਲ੍ਹਾ ਭਾਸ਼ਾ ਅਫਸਰ ਸ੍ਰੀ ਭੁਪਿੰਦਰ ਉਤਰੇਜਾ ਅਤੇ ਪ੍ਰੋਗਰਾਮ ਵਿੱਚ ਹਾਜਰੀ ਦੇਣ ਵਾਲੀਆਂ ਸਾਰੀਆਂ ਸਤਿਕਾਰਤ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੀਆਂ ਮਾਣਮੱਤੀਆ ਪ੍ਰਾਪਤੀਆਂ ਤੇ ਚਾਨਣਾ ਪਾਇਆ।ਸਕੂਲ ਦੇ ਵਿਦਿਆਰਥੀਆਂ ਵੱਲੋਂ ਸੁਲੇਖ ਮੁਕਾਬਲੇ, ਕਵਿਤਾ ਲਿਖਣ ਮੁਕਾਬਲੇ ਅਤੇ ਲੇਖ ਰਚਨਾ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਹਰ ਮੁਕਾਬਲੇ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।