6 ਵਿਅਕਤੀਆਂ ਵਿਰੁੱਧ ਮਾਮਲਾ ਦਰਜ
ਕਪੂਰਥਲਾ,12 ਮਈ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਵਣ ਵਿਭਾਗ ਕਪੂਰਥਲਾ ਵੱਲੋਂ ਰੁੱਖਾਂ ਦੀ ਨਾਜਾਇਜ਼ ਕਟਾਈ ਰੋਕਣ ਦੀ ਮੁਹਿੰਮ ਤਹਿਤ ਰੁੱਖਾਂ ਦੀ ਨਾਜਾਇਜ਼ ਕਟਾਈ ਕਰਵਾਉਣ ਵਾਲੇ 6 ਵਿਅਕਤੀਆਂ ਵਿਰੁੱਧ ਢਿਲਵਾਂ ਪੁਲਿਸ ਸਟੇਸ਼ਨ ਵਿਖੇ ਕੇਸ ਦਰਜ ਕਰਵਾਇਆ ਗਿਆ ਹੈ।
ਵਣ ਰੇਂਜ ਅਫ਼ਸਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਵਣ ਰੇਂਜ ਕਪੂਰਥਲਾ ਦੇ ਕਰਮਚਾਰੀਆਂ ਵੱਲੋਂ ਸਵੇਰੇ 4 ਵਜੇ ਦੇ ਕਰੀਬ ਜੀ,ਟੀ. ਰੋਡ (ਕਿ.ਮੀ. 407 ਤੋਂ 408) ਸੱਜਾ ਪਾਸਾ ਨੇੜੇ ਢਿਲਵਾਂ ਵਿਖੇ ਟਾਟਾ 407 ਰਜਿਸਟ੍ਰੇਸ਼ਨ ਨੰਬਰ 4527 ਉੱਪਰ ਕੱਟੇ ਹੋਏ ਰੁੱਖਾਂ ਦਾ ਮਾਲ ਵੇਖਿਆ ਗਿਆ।ਇਸ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਵਣ ਰੇਂਜ ਕਪੂਰਥਲਾ ਦੇ ਕਰਮਚਾਰੀਆਂ ਕੁਲਦੀਪ ਸਿੰਘ ਵਣ ਗਾਰਡ, ਜੌਲੀ ਵਣ ਗਾਰਡ ਅਤੇ ਰਣਜੀਤ ਸਿੰਘ ਵਣ ਗਾਰਡ ਵੱਲੋਂ ਉਕਤ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਡਰਾਈਵਰ ਗੱਡੀ ਨੂੰ ਭਜਾ ਕੇ ਲੈ ਗਿਆ। ਉਪਰੰਤ ਵਣ ਵਿਭਾਗ ਦੇ ਕਰਮਚਾਰੀਆਂ ਵੱਲੋਂ ਜੰਗਲ ਵਿਖੇ ਜਾਂਚ ਕਰਨ ਤੇ ਪਤਾ ਲੱਗਾ ਕਿ ਦੋਸ਼ੀਆਂ ਵੱਲੋਂ ਵਿਭਾਗ ਦੇ 3 ਸਫੈਦੇ ਦੇ ਰੁੱਖ ਕੱਟ ਲਏ ਗਏ ਸਨ।ਵਿਭਾਗ ਵਲੋਂ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਰੁੱਖ ਫੰਦੀ ਪੁੱਤਰ ਗੁਰਬਚਨ, ਵਲੈਤ ਸਿੰਘ ਪੁੱਤਰ ਜਗੀਰ ਸਿੰਘ, ਮਹਿੰਦਰ ਸਿੰਘ ਪੁੱਤਰ ਜਗੀਰ ਸਿੰਘ, ਸ਼ਿੰਦਰ ਪੁੱਤਰ ਗੁਰਦਿਆਲ,ਜਰਨੈਲ ਸਿੰਘ ਪੁੱਤਰ ਹਜਾਰਾ ਸਿੰਘ, ਸੁਰਜੀਤ ਸਿੰਘ ਉਰਫ ਬਿੱਲਾ ਪੁੱਤਰ ਸ਼੍ਰੀ ਮੁਖਤਿਆਰ ਸਿੰਘ ਵੱਲੋਂ ਕੱਟੇ ਗਏ ਸਨ ਅਤੇ ਇਹ ਮਾਲ ਉਨ੍ਹਾਂ ਵੱਲੋਂ ਅਮ੍ਰਿਤਪਾਲ ਸਿੰਘ ਪੁੱਤਰ ਕੁਲਵੰਤ ਸਿੰਘ ਭਵਾਨੀ ਨਗਰ ਹੁਸ਼ਿਆਰਪੁਰ ਦੇ ਆਰੇ ਤੇ ਵੇਚ ਦਿੱਤਾ ਗਿਆ।ਅਮ੍ਰਿਤਪਾਲ ਸਿੰਘ ਨੇ ਪੁੱਛ ਗਿੱਛ ਦੌਰਾਨ ਕਾਬੂਲ ਕੀਤਾ ਕਿ ਇਹ ਮਾਲ ਕਪੂਰਥਲਾ ਤੋਂ ਲਿਆਂਦਾ ਗਿਆ ਹੈ। ਵਣ ਰੇਂਜ ਅਫ਼ਸਰ ਕਪੂਰਥਲਾ ਵੱਲੋਂ ਇਸ ਸਬੰਧੀ ਪੁਲਿਸ ਵਿਭਾਗ ਨੂੰ ਲਿਖਿਆ ਗਿਆ,ਜਿਸ ਤੇ ਢਿਲਵਾਂ ਪੁਲਿਸ ਸਟੇਸ਼ਨ ਵਲੋਂ ਉੱਕਤ ਦੋਸ਼ੀਆਂ ਦੇ ਵਿਰੁੱਧ ਭਾਰਤੀ ਵਣ ਐਕਟ 1927 ਦੀ ਧਾਰਾ 33 ਅਤੇ IPC ਦੀ ਧਾਰਾ 379 ਅਤੇ 411 ਦੇ ਅਧੀਨ ਪਰਚਾ ਦਰਜ ਕੀਤਾ ਗਿਆ। ਪੁਲੀਸ ਵੱਲੋਂ ਦੋਸ਼ੀਆਂ ਨੂੰ ਕਾਬੂ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।