ਜਿਵੇਂ-ਜਿਵੇਂ ਟੀਮ ਵਾਪਸ ਆਉਂਦੀ ਗਈ , ਬਾਹਰ ਦੁਕਾਨਾਂ ਫਿਰ ਤੋਂ ਸਜਦੀਆਂ ਗਈਆਂ
ਜਗਰਾਉਂ, 9 ਜਨਵਰੀ ( ਜਗਰੂਪ ਸੋਹੀ, ਅਸ਼ਵਨੀ )-ਨਗਰ ਕੌਂਸਲ ਵੱਲੋਂ ਮੰਗਲਵਾਰ ਨੂੰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਸ਼ੁਰੂ ਕੀਤੀ ਮੁਹਿੰਮ ਸ਼ੁਰੂਆਤ ਤੋਂ ਹੀ ਚਰਚਾ ਦਾ ਵਿਸ਼ਾ ਬਣ ਗਈ ਕਿਉਂਕਿ ਨਗਰ ਕੌਂਸਲ ਦਫਤਰ ਦੇ ਬਾਹਰ ਨਗਰ ਕੌਂਸਲ ਦੀ ਮਾਲਕੀ ਵਾਲੀ ਦੁਕਾਨ ਦੇ ਕਿਰਾਏਦਾਰ ਨੇ ਸੜਕ ਦੇ ਕਰੀਬ 40 ਫੁੱਟ ਤੱਕ ਨਾਜਾਇਜ਼ ਕਬਜ਼ੇ ਤੋਂ ਸ਼ੁਰੂਆਤ ਕਕਰਨ ਦੀ ਬਜਾਏ ਉਸਦੀ ਦੁਕਾਨ ਤੋਂ ਅੱਖਾਂ ਮੀਚ ਤੇ ਅੱਗੇ ਲੰਘ ਜਾਣ ਤੋਂ ਬਾਅਦ ਅਗਲੀਆਂ ਦੁਕਾਨਾਂ ਤੋਂ ਕਾਰਵਾਈ ਸ਼ੁਰੂ ਕੀਤੀ ਅਤੇ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਨਗਰ ਕੌਂਸਲ ਅਮਲੇ ਵਲੋਂ ਉਸ ਦੀ ਦੁਕਾਨ ਨੂੰ ਅਣਗੌਲਿਆ ਕਰ ਕੇ ਅੱਗੇ ਜਾ ਕੇ ਦੁਕਾਨਾਂ ਦੇ ਬਾਹਰ ਪਿਆ ਸਾਮਾਨ ਚੁੱਕਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਪਰ ਕਿਸੇ ਵੀ ਕਰਮਚਾਰੀ ਨੇ ਆਪਣੇ ਦਫਤਰ ਦੇ ਬਾਹਰ ਆਪਣੇ ਹੀ ਕਿਰਾਏਦਾਰ ਵੱਲ ਦੇਖਣ ਦੀ ਹਿੰਮਤ ਨਹੀਂ ਕੀਤੀ। ਇਸਤੋਂ ਇਲਾਵਾ ਨਗਰ ਕੌਂਸਲ ਦਫਤਰ ਦੇ ਬਿਲਕੁਲ ਸਾਹਮਣੇ ਹੀ ਲੱਗਦੇ ਰੇਹੜੀਆਂ ਦੇ ਬਾਜਾਰ ਵੱਲ ਵੀ ਕਿਸੇ ਨੇ ਦੇਖਣ ਦੀ ਜਰੂਰਤ ਨਹੀਂ ਸਮਝੀ। ਇਸੇ ਤਰ੍ਹਾਂ ਸ਼ਹਿਰ ਵਿੱਚ ਹੋਰ ਵੀ ਕਈ ਵੱਡੇ ਦੁਕਾਨਦਾਰ ਹਨ ਜਿਨ੍ਹਾਂ ਦੇ ਨਾਜਾਇਜ਼ ਕਬਜ਼ਿਆਂ ਵੱਲ ਕਿਸੇ ਵੀ ਮੁਲਾਜ਼ਮ ਨੇ ਨਹੀਂ ਦੇਖਿਆ ਅਤੇ ਉਹ ਉਨ੍ਹਾਂ ਤੋਂ ਅੱਖ ਬਚਾ ਕੇ ਅੱਗੇ ਵਧ ਗਏ। ਸ਼ਹਿਰ ਦੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਮੰਗਲਵਾਰ ਨੂੰ ਵੱਡੇ ਪੱਧਰ ’ਤੇ ਕਾਰਵਾਈ ਸ਼ੁਰੂ ਕੀਤੀ ਗਈ। ਜਿਸ ਵਿੱਚ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਪੁਲੀਸ ਮੁਲਾਜ਼ਮਾਂ ਦੇ ਨਾਲ ਨਗਰ ਕੌਂਸਲ ਦਫ਼ਤਰ ਤੋਂ ਅੱਗੇ ਜਾ ਕੇ ਕਮਲ ਚੌਕ, ਪੁਰਾਣੀ ਸਬਜ਼ੀ ਮੰਡੀ ਰੋਡ, ਮੇਨ ਬਜ਼ਾਰ ਅਤੇ ਰਾਏਕੋਟ ਰੋਡ ਤੇ ਟਰੈਕਟਰ ਟਰਾਲੀਆਂ ਲੈ ਕੇ ਦੁਕਾਨਾਂ ਦੇ ਬਾਹਰ ਰੱਖੇ ਸਾਮਾਨ ਨੂੰ ਚੁੱਕ ਕੇ ਟਰਾਲੀਆਂ ਵਿੱਚ ਲੱਦ ਲਿਆ ਗਿਆ ਅਤੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਬਾਹਰ ਸਾਮਾਨ ਨਾ ਰੱਖਣ ਦੀ ਚਿਤਾਵਨੀ ਦਿੱਤੀ ਗਈ। ਭਾਵੇਂ ਇਹ ਕਾਰਵਾਈ ਪੂਰੇ ਜ਼ੋਰ-ਸ਼ੋਰ ਨਾਲ ਸ਼ੁਰੂ ਕੀਤੀ ਗਈ ਸੀ ਪਰ ਨਗਰ ਕੌਂਸਲ ਦੇ ਮੁਲਾਜ਼ਮ ਜਿਉਂ ਹੀ ਵਾਪਸ ਮੁੜਦੇ ਰਹੇ ਤਾਂ ਉਸੇ ਸਮੇਂ ਹੀ ਦੁਕਾਨਾਂ ਫਿਰ ਤੋਂ ਉਸੇ ਤਰ੍ਹਾਂ ਬਾਹਰ ਸੜਕ ਤੇ ਸਜਦੀਆਂ ਰਹੀਆਂ। ਫਿਲਹਾਲ ਪੁਰਾਣੀ ਸਬਜ਼ੀ ਮੰਡੀ ਰੋਡ ’ਤੇ ਹਰ ਦੁਕਾਨ ਦੇ ਅੱਗੇ ਲੱਗਦੀਆਂ ਸਬਜ਼ੀ ਦੀਆਂ ਰੇਹੜੀਆਂ, ਫੜ੍ਹੀਆਂ ਅਤੇ ਉਨ੍ਹਾਂ ਤੋਂ ਪੈਸੇ ਲੈ ਕੇ ਆਪਣੀਆਂ ਦੁਕਾਨਾਂ ਦੇ ਬਾਹਰ ਇਹ ਰੇਹੜੀਆਂ ਲਗਵਾਉਣ ਵਾਲੇ ਦੁਕਾਨਦਾਰਾਂ ਸਬੰਧੀ ਕੋਈ ਕਾਰਵਾਈ ਨਹੀਂ ਕਰ ਸਕੀ ਹੈ। ਨਗਰ ਕੌਸਲ ਦਫ਼ਤਰ ਨੇੜੇ ਝਾਂਸੀ ਰਾਣੀ ਚੌਂਕ ਦੇ ਚਾਰੇ ਪਾਸੇ ਨਜਾਇਜ਼ ਕਬਜ਼ੇ ਕੀਤੇ ਹੋਏ ਲੋਕ ਬੈਠੇ ਨਜ਼ਰ ਆਏ।
ਕਿਵੇਂ ਹੋਵੇਗਾ ਹਲ-
ਨਗਰ ਕੌੰਸਲ ਵਲੋਂ ਬਾਜ਼ਾਰਾਂ ’ਚੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਅੱਜ ਹੀ ਨਹੀਂ ਸਗੋਂ ਕਈ ਵਾਰ ਪਹਿਲਾਂ ਵੀ ਅਜਿਹੀ ਮੁਹਿੰਮ ਸ਼ੁਰੂ ਕੀਤੀ ਗਈ। ਜੋ ਹਮੇਸ਼ਾ ਇਕ-ਦੋ ਦਿਨ ਚੱਲਣ ਤੋਂ ਬਾਅਦ ਦਮ ਤੋੜਦੀ ਰਹੀ। ਜੇਕਰ ਨਗਰ ਕੌਾਸਲ ਸਚਮੁੱਚ ਹੀ ਦੁਕਾਨਾਂ ਦੇ ਅੱਗੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਖ਼ਤਮ ਕਰਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਮੁਲਾਜ਼ਮਾਂ ਦੀਆਂ ਟੀਮਾਂ ਬਣਾ ਕੇ ਰੋਜ਼ਾਨਾ ਸ਼ਹਿਰ ਵਿਚ ਭੇਜਣੀਆਂ ਚਾਹੀਦੀਆਂ ਹਨ। ਟੀਮ ਵੱਲੋਂ ਜਿਸ ਵੀ ਦੁਕਾਨਦਾਰ ਵਲੋਂ ਬਾਹਰ ਸੜਕ ਤੇ ਸਾਮਾਨ ਲਗਾ ਕੇ ਕਬਜ਼ਾ ਕੀਤਾ ਹੋਵੇ ਜਾਂ ਉਸਨੇ ਦੁਕਾਨ ਅੱਗੇ ਰੇਹੜੀ ਲਗਵਾਈ ਹੋਵੇ ਤਾਂ ਉਸਦੇ ਕਬਜ਼ੇ ਅਨੁਸਾਰ ਉਕਤ ਦੁਕਾਨਦਾਰ ਦਾ ਤੁਰੰਤ ਚਲਾਨ ਕਰਕੇ ਜੁਰਮਾਨਾ ਵਸੂਲਿਆ ਜਾਵੇ ਅਤੇ ਜੋ ਦੁਕਾਨਦਾਰ ਆਪਣੀ ਦੁਕਾਨ ਦੇ ਬਾਹਰ ਰੇਹੜੀ ਲਗਾ ਕੇ ਪੈਸੇ ਲੈਂਦਾ ਹੈ, ਉਸ ਰੇਹੜੀ ਵਾਲੇ ਅਆਤੇ ਦੁਕਾਨਦਾਰ ਦੋਨਾਂ ਦਾ ਚਲਾਨ ਕੀਤਾ ਜਾਵੇ। ਇਹ ਕਾਰਵਾਈ ਲਗਾਤਾਰ ਜਾਰੀ ਰੱਖੀ ਜਾਵੇ। ਇਸ ਨਾਲ ਨਗਰ ਕੌਂਸਲ ਨੂੰ ਕਾਫੀ ਆਮਦਨ ਹੋਵੇਗੀ ਅਤੇ ਦੂਜਾ ਰੋਜ਼ਾਨਾ ਜੁਰਮਾਨਾ ਭਰਨ ਤੋਂ ਬਚਣ ਲਈ ਹੌਲੀ-ਹੌਲੀ ਦੁਕਾਨਦਾਰ ਖੁਦ ਹੀ ਸਾਮਾਨ ਬਾਹਰ ਲਗਾਉਣਾ ਅਤੇ ਲਗਵਾਉਣਾ ਬੰਦ ਕਰ ਦੇਣਗੇ।
ਕੀ ਕਹਿਣਾ ਹੈ ਈਓ ਦਾ-
ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਈਓ ਸੁਖਦੇਵ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦਫ਼ਤਰ ਦੇ ਬਾਹਰ ਨਗਰ ਕੌਂਸਲ ਦੀਆਂ ਦੁਕਾਨਾਂ ’ਤੇ ਬੈਠੇ ਤਿੰਨ ਕਿਰਾਏਦਾਰਾਂ ਨੂੰ ਬੁਲਾ ਕੇ ਸੜਕ ’ਤੇ ਨਾਜਾਇਜ਼ ਕਬਜ਼ੇ ਆਪਣੇ ਆਪ ਛੱਡਣ ਲਈ ਕਿਹਾ ਗਿਆ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਵਿਰੁੱਧ ਵੀ ਹੋਰਨਾਂ ਦੁਕਾਨਦਾਰਾਂ ਵਾਂਗ ਕਾਰਵਾਈ ਕੀਤੀ ਜਾਵੇਗੀ।