Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਪੁਲਿਸ ਦੇ ਨਸ਼ਿਆਂ ਖਿਲਾਫ ਸਮੂਹਿਕ ਅਪ੍ਰੇਸ਼ਨ ਕਿਉਂ ਹੁੰਦੇ...

ਨਾਂ ਮੈਂ ਕੋਈ ਝੂਠ ਬੋਲਿਆ..?
ਪੁਲਿਸ ਦੇ ਨਸ਼ਿਆਂ ਖਿਲਾਫ ਸਮੂਹਿਕ ਅਪ੍ਰੇਸ਼ਨ ਕਿਉਂ ਹੁੰਦੇ ਹਨ ਅਸਫਲ

53
0


ਪੰਜਾਬ ਵਿੱਚ ਨਸ਼ਾਖੋਰੀ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਕਿਉਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਦੇ ਖਾਤਮੇ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ। ਪਰ ਆਪਣੇ 2 ਸਾਲ ਤੋਂ ਵੱਧ ਦੇ ਸ਼ਾਸਨ ਦੌਰਾਨ ਵੀ ਸਰਕਾਰ ਇਸ ਸਮਸਿਆ ਨਾਲ ਜੂਝ ਰਹੀ ਹੈ ਅਤੇ ਪੰਜਾਬ ਸਰਕਾਰ ਹੁਣ ਤੱਕ ਨਸ਼ਿਆਂ ਨੂੰ ਠੱਲ੍ਹ ਪਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਹੁਣ ਇਸ ਮੁੱਦੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਪਰ ਪੰਜਾਬ ਸਰਕਾਰ ਨੂੰ ਅਜੇ ਵੀ ਇਸ ਪਾਸੇ ਕੋਈ ਸਫਲਤਾ ਹਾਸਿਲ ਹੁੰਦੀ ਨਜ਼ਰ ਨਹੀਂ ਆ ਰਹੀ। ਪੁਲਿਸ ਵੱਲੋਂ ਸੂਬੇ ਭਰ ਵਿੱਚ ਕਈ ਵਾਰ ਇੱਕੋ ਸਮੇਂ ਨਸ਼ਾ ਵਿਰੋਧੀ ਸਰਚ ਅਭਿਆਨ ਚਲਾਇਆ ਜਾਂਦਾ ਹੈ। ਪਰ ਪੁਲਿਸ ਕਦੇ ਵੀ ਉਨ੍ਹਾਂ ਸਰਚ ਅਭਿਆਨਾਂ ਵਿੱਚ ਵੱਡੀ ਕਾਮਯਾਬੀ ਹਾਸਲ ਨਹੀਂ ਕਰ ਸਕੀ। ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸੋਮਵਾਰ ਨੂੰ ਪੂਰੇ ਪੰਜਾਬ ਵਿਚ ਸਮੂਹਿਕ ਤੌਰ ਤੇ ਨਸ਼ਾ ਵਿਰੋਧੀ ਸਰਚ ਅਭਿਆਨ ਅਪ੍ਰੇਸ਼ਨ ਕਾਸੋ ਤਹਿਤ ਚਲਾਇਆ ਗਿਆ। ਜਿਸ ਵਿੱਚ 600 ਤੋਂ ਵੱਧ ਪੁਲਿਸ ਦੀਆਂ ਟੀਮਾਂ ਨੇ 9000 ਤੋਂ ਵੱਧ ਮੁਲਾਜ਼ਮਾ ਸਮੇਤ ਪੰਜਾਬ ਭਰ ਵਿੱਚ 268 ਨਸ਼ੇ ਦੇ ਹੌਟਸਪੌਟ ਮੰਨੇ ਜਾਣ ਵਾਲੇ ਇਲਾਕਿਆਂ ਵਿੱਚ ਸਰਚ ਮੁਹਿੰਮ ਚਲਾਈ। ਪੁਲਿਸ ਨੇ ਇੰਨੀ ਵੱਡੀ ਸਰਚ ਅਭਿਆਨ ’ਚ ਵੀ ਪ੍ਰਾਪਤੀ ਨਿਰਾਸ਼ਾਜਨਕ ਹੈ। ਜਿੱਥੇ ਕਿ ਪੁਲਿਸ ਖੁਦ ਇਹ ਕਹਿ ਰਹੀ ਹੈ ਕਿ ਪੰਜਾਬ ’ਚ 268 ਹੌਟਸਪੌਟਸ ਅਜਿਹੇ ਹਨ ਜੋ ਨਸ਼ੇ ਲਈ ਮਸ਼ਹੂਰ ਹਨ। ਇਸ ਦੇ ਬਾਵਜੂਦ ਕੋਈ ਵੀ ਪ੍ਰਾਪਤੀ ਹਾਸਿਲ ਨਾ ਹੋ ਸਕਣਾ ਸਵਾਲ ਖੜ੍ਹੇ ਕਰਦੀ ਹੈ। ਹੁਣ ਜੇਕਰ ਜ਼ਮੀਨੀ ਪੱਧਰ ’ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਤਾਂ ਸੂਬੇ ਦੇ ਹਰ ਸ਼ਹਿਰ ’ਚ ਕਈ ਅਜਿਹੇ ਇਲਾਕੇ ਹਨ ਜੋ ਹਮੇਸ਼ਾ ਹੀ ਨਸ਼ੇ ਲਈ ਚਰਚਾ ’ਚ ਰਹਿੰਦੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਇਲਾਕਿਆਂ ’ਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਮਿਲ ਸਕਦਾ ਹੈ। ਹਰ ਸਮੇਂ ਧੜ੍ਹੱਲੇ ਨਾਲ ਬੇਖੋਫ ਹੋ ਕੇ ਨਸ਼ਾ ਤਸਕਰ ਹਰ ਤਰ੍ਹਾਂ ਦਾ ਨਸ਼ਾ ਵੇਚਦੇ ਹਨ ਅਤੇ ਉਨ੍ਹਾਂ ਇਲਾਕਿਆਂ ਵਿਚ ਨਸ਼ੇੜੀ ਦਨਦਨਾਉਂਦੇ ਫਿਰਦੇ ਨਜ਼ਰ ਆਉਂਦੇ ਹਨ। ਇਸ ਤਰ੍ਹਾਂ ਦੀਆਂ ਵੀਡੀਓਜ਼ ਕਈ ਵਾਰ ਸਾਹਮਣੇ ਆਉਣ ਦੇ ਬਾਵਜੂਦ ਵੀ ਤਸਕਰਾਂ ’ਤੇ ਸ਼ਿਕੰਜਾ ਕੱਸਿਆ ਨਹੀਂ ਜਾ ਸਕਿਆ। ਇਸਦੀ ਮਿਸਾਲ ਵਜੋਂ ਮੈਂ ਹੋਰ ਕਿਧਰੇ ਨਾ ਜਾ ਕੇ ਆਪਣੇ ਇਲਾਕੇ ਪੁਲਿਸ ਜਿਲਾ ਲੁਧਿਆਣਾ ਦੇਹਾਤ ਅਧੀਨ ਸਿਰਫ ਹਲਕਾ ਜਗਰਾਓਂ ਦੀ ਹੀ ਗੱਲ ਕਰਾਂਗਾ। ਜਿੱਥੇ ਵੱਡੀ ਗਿਣਤੀ ’ਚ ਲੋਕ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਤੋਂ ਪ੍ਰੇਸ਼ਾਨ ਹਨ। ਸਥਾਨਕ ਪੁਲਿਸ ਨੇ ਸੋਮਵਾਰ ਨੂੰ ਸ਼ਹਿਰ ਦੇ 5 ਇਲਾਕਿਆਂ ’ਚ ਚੈਕਿੰਗ ਕੀਤੀ ਪਰ ਬ੍ਰਾਮਦਗੀ ਦੇ ਨਾਂਅ ’ਤੇ ਕੁਝ ਹਾਸਲ ਨਹੀਂ ਹੋਇਆ। ਜਿੰਨੀ ਬਰਾਮਦਗੀ ਦਿਖਾਈ ਗਈ ਹੈ ਉਸਤੋਂ ਕਿਧਰੇ ਵਧੇਰੇ ਤਾਂ ਇਕ ਇਕ ਮੁਹੱਲੇ ਵਿਚ ਨਸ਼ੇ ਦੀ ਖਪਤ ਰੋਜ਼ਾਨਾ ਹੁੰਦੀ ਹੈ। ਜਦਕਿ ਮੁਹੱਲਾ ਗਾਂਧੀ ਨਗਰ, ਇੰਦਰਾ ਕਾਲੋਨੀ, ਧੁੰਮਾਂ ਮੁਹੱਲਾ ਅਜਿਹੇ ਇਲਾਕੇ ਹਨ ਜਿੱਥੇ ਨਸ਼ਾ ਤਸਕਰ ਆਵਾਜ਼ ਦੇ ਕੇ ਨਸ਼ਾ ਵੇਚਦੇ ਹਨ। ਇਹ ਹਾਲਾਤ ਇਕੱਲੇ ਸ਼ਹਿਰ ਦੇ ਹੀ ਨਹੀਂ ਸਗੋਂ ਪਿੰਡਾ ਵਿਚ ਵੀ ਅਜਿਹੇ ਹੀ ਹਾਲਾਤ ਬਣੇ ਹੋਏ ਹਨ। ਵੱਡੀ ਅਤੇ ਅਹਿਮ ਗੱਲ ਇਹ ਹੈ ਕਿ ਮੁਹੱਲਾ ਗਾਂਧੀਨਗਰ ਵਿੱਚ ਜਿਥੇ ਸੋਮਵਾਰ ਨੂੰ ਏਡੀਜੀਪੀ ਅਮਰਦੀਪ ਸਿੰਘ ਰਾਏ ਅਤੇ ਐਸਐਸਪੀ ਨਵਨੀਤ ਸਿੰਘ ਬੈਂਸ ਖੁਦ ਪੁੱਜੇ ਸਨ, ਇਹ ਥਾਣਾ ਸਿਟੀ ਦੇ ਬਿਲਕੁਲ ਨੇੜੇ ਹੈ ਅਤੇ ਚਰਚਾ ਦੇ ਬਾਵਜੂਦ ਥਾਣਾ ਸਿਟੀ ਦੀ ਪੁਲੀਸ ਇੱਥੇ ਨਸ਼ੇ ਨੂੰ ਰੋਕ ਨਹੀਂ ਸਕੀ। ਇਸੇ ਤਰ੍ਹਾਂ ਇਲਾਕੇ ਦਾ ਮੁਹੱਲਾ ਮਾਈ ਜੀਨਾ ਅਤੇ ਇੰਦਰਾ ਕਲੋਨੀ ਵੀ ਪੁਲਿਸ ਦੀ ਪੀਸੀਆਰ ਚੌਕੀ ਦੇ ਨਜ਼ਦੀਕ ਹੈ। ਜੇਕਰ ਪੁਲਿਸ ਵੱਲੋਂ ਕਾਰਵਾਈ ਕਰਕੇ ਆਪਣੇ-ਆਪਣੇ ਇਲਾਕਿਆਂ ਵਿੱਚ ਨਸ਼ਿਆਂ ਨੂੰ ਕਾਬੂ ਨਹੀਂ ਕੀਤਾ ਦਾ ਸਕਿਆ ਤਾਂ ਅਜਿਹੇ ਵੱਡੇ ਪੱਧਰ ’ਤੇ ਛਾਪੇਮਾਰੀ ਕਰਨ ਵਿੱਚ ਸਫਲਤਾ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ। ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਹੇਠਲੇ ਪੱਧਰ ਦੇ ਪੁਲਿਸ ਮੁਲਾਜ਼ਮਾਂ ਦੇ ਵੀ ਅਜਿਹੇ ਨਸ਼ਾ ਤਸਕਰਾਂ ਨਾਲ ਸਬੰਧ ਹੁੰਦੇ ਹਨ। ਜਦੋਂ ਵੀ ਅਜਿਹੀ ਛਾਪੇਮਾਰੀ ਕਰਨੀ ਹੁੰਦੀ ਹੈ ਤਾਂ ਉਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਸੂਚਨਾ ਮਿਲ ਜਾਂਦੀ ਹੈ ਅਤੇ ਇਹੀ ਕਾਰਨ ਹੈ ਕਿ ਪੁਲਿਸ ਲਈ ਅਜਿਹੀ ਮੁਹਿੰਮ ਸਫਲ ਨਹੀਂ ਹੁੰਦੀ। ਜੇਕਰ ਸਰਕਾਰ ਅਤੇ ਪੁਲਿਸ ਸੱਚਮੁੱਚ ਚਾਹੁੰਦੀ ਹੈ ਕਿ ਪੰਜਾਬ ਨਸ਼ਾ ਮੁਕਤ ਹੋਵੇ ਤਾਂ ਇਸ ਦੀ ਜ਼ਿੰਮੇਵਾਰੀ ਸਾਰੇ ਥਾਣਾ ਇੰਚਾਰਜਾਂ ’ਤੇ ਤੈਅ ਕੀਤੀ ਜਾਣੀ ਚਾਹੀਦੀ ਹੈ। ਜੇਕਰ ਉਨ੍ਹਾਂ ਦੇ ਇਲਾਕੇ ’ਚ ਨਸ਼ਾ ਸਪਲਾਈ ਪਾਇਆ ਗਿਆ ਤਾਂ ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਿਨਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਸੰਭਵ ਨਹੀਂ ਹੈ ਅਤੇ ਅਜਿਹੀਆਂ ਸਮੂਹਿਕ ਛਾਪੇਮਾਰੀ ਮੁਹਿੰਮਾਂ ’ਤੇ ਪੈਸਾ ਅਤੇ ਸਮਾਂ ਦੋਵੇਂ ਹੀ ਬਰਬਾਦ ਹੁੰਦਾ ਹੈ। ਇਸ ਲਈ ਅਸਲੀਅਤ ਨੂੰ ਜ਼ਮੀਨੀ ਪੱਧਰ ’ਤੇ ਸਮਝ ਕੇ ਜ਼ਮੀਨੀ ਪੱਧਰ ’ਤੇ ਕਾਰਵਾਈ ਕਰਨੀ ਚਾਹੀਦੀ ਹੈ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here