ਮੋਗਾ, 12 ਮਈ ( ਅਸ਼ਵਨੀ)-ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਮੋਗਾ ਪੁਲਿਸ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ਼ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਆਮ ਲੋਕਾਂ ਨੂੰ ਵਧੀਆ ਪੁਲਿਸ ਸਹੂਲਤਾਂ 24 ਘੰਟੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ ਮੋਗਾ ਜੇ. ਇਲਨਚੇਲੀਅਨ ਨੇ ਦੱਸਿਆ ਕਿ ਲੋਕਾਂ ਦੀਆਂ ਗੁੰਮ ਮੋਬਾਇਲ ਫੋਨਾਂ ਸਬੰਧੀ ਸ਼ਿਕਾਇਤਾਂ ਉੱਪਰ ਕਾਰਵਾਈ ਕਰਦਿਆਂ ਪੁਲਿਸ ਦੇ ਤਕਨੀਕੀ ਸੈੱਲ ਵੱਲੋਂ 94 ਮੋਬਾਇਲ ਫੋਨ ਰਿਕਵਰ ਕੀਤੇ ਗਏ ਹਨ। ਇਹ 94 ਮੋਬਾਇਲ ਫੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਬੁਲਾ ਕੇ ਉਨ੍ਹਾਂ ਦੇ ਸਪੁਰਦ ਕਰ ਦਿੱਤੇ ਗਏ ਹਨ।
ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ ਵੀ ਕਿਸੇ ਪਾਸੋਂ ਪੁਰਾਣਾ ਮੋਬਾਇਲ ਫੋਨ ਖਰੀਦਣਾ ਹੈ ਤਾਂ ਖਰੀਦ ਕਰਨ ਤੋਂ ਪਹਿਲਾਂ ਉਸ ਮੋਬਾਇਲ ਦਾ ਪਰੂਫ਼ ਜਰੂਰ ਲਿਆ ਜਾਵੇ ਅਤੇ ਕਿਸੇ ਵੀ ਅਗਿਆਤ ਵਿਅਕਤੀ ਤੋਂ ਪੁਰਾਣਾ ਮੋਬਾਇਲ ਫੋਨ ਨਾ ਖਰੀਦਿਆ ਜਾਵੇ ਕਿਉਂਕਿ ਇਹ ਚੋਰੀ ਦਾ ਵੀ ਹੋ ਸਕਦਾ ਹੈ। ਵਰਤੇ ਜਾਣ ਵਾਲੇ ਮੋਬਾਇਲ ਫੋਨ ਉੱਪਰ ਸਕਿਰਉਰਿਟੀ ਲਾਕ ਜਰੂਰ ਲਗਾਇਆ ਜਾਵੇ। ਕਿਸੇ ਵੀ ਅਣਜਾਣ ਵਿਅਕਤੀ ਦੀ ਕਾਲ ਤੇ ਆਪਣੀ ਨਿੱਜੀ ਜਾਣਕਾਰੀ ਜਿਵੇਂ ਕਿ ਓ.ਟੀ.ਪੀ., ਸੀ.ਵੀ.ਵੀ., ਕਾਰਡ ਨੰਬਰ ਆਦਿ ਸ਼ੇਅਰ ਨਾ ਕੀਤੀ ਜਾਵੇ। ਏ.ਟੀ.ਐਮ. ਕਾਰਡ ਵਰਤੋਂ ਕਰਨ ਸਮੇਂ ਸਾਵਧਾਨੀ ਵਰਤੀ ਜਾਵੇ ਅਤੇ ਅਗਿਆਤ ਵਿਅਕਤੀ ਨੂੰ ਆਪਣਾ ਏ.ਟੀ.ਐਮ. ਨਾ ਦਿੱਤਾ ਜਾਵੇ।