Home crime ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਕੈਦੀ ਪੈਰੋਲ ’ਤੇ...

ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਕੈਦੀ ਪੈਰੋਲ ’ਤੇ ਆਇਆ ਫਰਾਰ

54
0


ਪੁਲਿਸ ਨੇ 10 ਸਾਲਾਂ ਬਾਅਦ ਗ੍ਰਿਫਤਾਰ ਕਰਕੇ ਭੇਜਿਆ ਜੇਲ
ਜਗਰਾਓਂ, 20 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ )-ਥਾਣਾ ਸਦਰ ਅਧੀਨ ਪੈਂਦੇ ਪਿੰਡ ਲੰਮੇ ਜੱਟਪੁਰਾ ਵਿਖੇ ਝਗੜੇ ਦੌਰਾਨ ਗੋਲੀ ਮਾਰ ਕੇ ਇੱਕ ਵਿਅਕਤੀ ਦਾ ਕਤਲ ਕਰਨ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਸੁਖਵਿੰਦਰ ਸਿੰਘ ਵਾਸੀ ਪਿੰਡ ਭੰਮੀਪੁਰਾ ਕਲਾ ਨੂੰ ਜੇਲ੍ਹ ਭੇਜ ਦਿੱਤਾ ਗਿਆ। ਸਜਾ ਕੱਟਣ ਦੌਰਾਨ ਸੁਖਵਿੰਦਰ ਸਿੰਘ ਵਾਪਿਸ ਜੇਲ ਜਾਣ ਦੀ ਬਜਾਏ ਫਰਾਰ ਹੋ ਗਿਆ। ਉਸਤੋਂ ਬਾਅਦ ਸਾਲ 2015 ਤੋਂ ਹਰ ਸਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਸੁਪਰਡੈਂਟ ਕੇਂਦਰੀ ਜੇਲ੍ਹ ਲੁਧਿਆਣਾ ਵਲੋਂ ਜ਼ਿਲ੍ਹਾ ਮੈਜਿਸਟਰੇਟ ਲੁਧਿਆਣਾ ਨੂੰ ਪੱਤਰ ਲਿਖ ਕੇ ਫਰਾਰ ਹੋਣ ਵਾਲੇ ਅਪਰਾਧੀ ਨੂੰ ਗਿਰਫਤਾਰ ਕਰਨ ਲਈ ਲਿਖਿਆ ਜਾ ਰਿਹਾ ਸੀ। ਪਰ ਉਸਦੇ ਰੂਪੋਸ਼ ਹੋਣ ਕਾਰਨ ਦਸ ਸਾਲ ਤੱਕ ਪੁਲਿਸ ਉਸਦਾ ਸੁਰਾਗ ਨਹੀਂ ਲਗਾ ਸਕੀ। ਹੁਣ ਸੂਚਨਾ ਮਿਲਣ ’ਤੇ ਪੁਲਿਸ ਥਾਣਾ ਸਿਟੀ ਜਗਰਾਉਂ ਨੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ। ਏਐਸਆਈ ਆਤਮਾ ਸਿੰਘ ਨੇ ਦੱਸਿਆ ਕਿ ਸੁਪਰਡੈਂਟ ਕੇਂਦਰੀ ਜੇਲ੍ਹ ਵੱਲੋਂ ਲਿਖੇ ਪੱਤਰ ਵਿੱਚ ਮੁਲਜ਼ਮ ਸੁਖਵਿੰਦਰ ਸਿੰਘ ਵਾਸੀ ਪਿੰਡ ਭੰਮੀਪੁਰਾ ਜਿਸ ਖ਼ਿਲਾਫ਼ ਥਾਣਾ ਜਗਰਾਉਂ ਵਿੱਚ ਧਾਰਾ 302 ਅਤੇ ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 356/2004 ਦਰਜ ਕੀਤਾ ਗਿਆ ਸੀ। ਜਿਸ ਨੂੰ ਉਕਤ ਮਾਮਲੇ ਵਿੱਚ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਭੁਗਤਣ ਦੌਰਾਨ 17 ਜਨਵਰੀ 2013 ਨੂੰ ਉਸ ਨੂੰ 4 ਹਫ਼ਤਿਆਂ ਦੀ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਉਹ ਜੇਲ੍ਹ ਨਹੀਂ ਪਰਤਿਆ ਅਤੇ ਫਰਾਰ ਹੋ ਗਿਆ। ਇਸ ਦੇ ਸਬੰਧ ਵਿੱਚ ਮੁਲਜ਼ਮ ਦੇ ਜਮਾਨਤੀਆਂ ਦੀ ਜ਼ਮਾਨਤ ਜ਼ਬਤ ਕਰਕੇ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਗਏ। ਐਸ.ਆਈ ਆਤਮਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁਖਵਿੰਦਰ ਸਿੰਘ ਜੇਲ ਤੋਂ ਪੈਰੋਲ ’ਤੇ ਰਿਹਾਅ ਹੋਣ ਤੋਂ ਬਾਅਦ ਆਪਣਾ ਪਿੰਡ ਛੱਡ ਕੇ ਜਗਰਾਉਂ ਕੱਚਾ ਮਲਕ ਰੋਡ ’ਤੇ ਸਥਿਤ ਮੁਹੱਲਾ ਗੁਰੂਨਾਨਕ ਨਗਰ ਗਲੀ ਨੰਬਰ 2 ’ਚ ਆਪਣੀ ਪਤਨੀ ਅਤੇ ਬੇਟੀ ਨਾਲ ਰਹਿਣ ਲੱਗਾ ਸੀ। ਦੋਸ਼ੀ ਟਰੱਕ ਡਰਾਈਵਰ ਸੀ ਅਤੇ ਉਹ ਆਪਣੀ ਪਤਨੀ ਅਤੇ ਬੇਟੀ ਨੂੰ ਜਗਰਾਓਂ ਛੱਡ ਕੇ ਖੁਦ ਟਰੱਕ ਤੇ ਆਗਰੇ ਚਲਿਆ ਗਿਆ ਅਤੇ ਉਥੇ ਹੀ ਰਹਿਣ ਲੱਗਾ। ਕਈ ਵਾਰ ਉਹ ਚੋਰੀ-ਛਿਪੇ ਜਗਰਾਓਂ ਆ ਕੇ ਆਪਣੇ ਪਰਿਵਾਰ ਨੂੰ ਮਿਲ ਜਾਂਦਾ ਸੀ ਅਤੇ ਫਿਰ ਵਾਪਸ ਚਲਾ ਜਾਂਦਾ ਸੀ। ਇਸ ਵਾਰ ਜਦੋਂ ਸੁਖਵਿੰਦਰ ਸਿੰਘ ਉਥੋਂ ਜਗਰਾਉਂ ਵਿਖੇ ਆਪਣੇ ਪਰਿਵਾਰ ਨੂੰ ਮਿਲਣ ਆਇਆ ਤਾਂ ਮੁਖਬਰ ਵੱਲੋਂ ਦਿੱਤੀ ਸੂਚਨਾ ਦੇ ਆਧਾਰ ’ਤੇ ਉਸ ਨੂੰ ਕਾਬੂ ਕਰ ਲਿਆ ਗਿਆ। ਇਸ ਸਬੰਧੀ ਸੁਖਵਿੰਦਰ ਸਿੰਘ ਵਿਰੁੱਧ 8, 2, 9 ਪੰਜਾਬ ਗੁੱਡ ਕੰਡਕਟ ਪ੍ਰੋਵੀਜ਼ਨ ਆਰਜ਼ੀ ਐਕਟ 1962 ਤਹਿਤ ਮਾਮਲਾ ਦਰਜ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ। ਜਿਸ ਨੂੰ ਅਦਾਲਤ ਦੇ ਨਿਰਦੇਸ਼ ਤੇ ਜੇਲ ਭੇਜ ਦਿਤਾ ਗਿਆ।

LEAVE A REPLY

Please enter your comment!
Please enter your name here