ਚੰਡੀਗੜ੍ਹ (ਰਾਜਨ ਜੈਨ) ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਰਾਜ ਸਭਾ ਮੈਂਬਰ ਤੇ ਜਲੰਧਰ ਤੋਂ ਛਪਦੇ ਪੰਜਾਬੀ ਅਖ਼ਬਾਰ ਦੇ ਮੈਨੇਜਿੰਗ ਐਡੀਟਰ ਬਰਜਿੰਦਰ ਸਿੰਘ ਹਮਦਰਦ ਨੂੰ 29 ਮਈ ਨੂੰ ਵਿਜੀਲੈਂਸ ਅੱਗੇ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਹੈ। ਬਰਜਿੰਦਰ ਸਿੰਘ ਹਮਦਰਦ ਜਲੰਧਰ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਦੇ ਚੇਅਰਮੈਨ ਰਹੇ ਹਨ। ਵਿਜੀਲੈਂਸ ਨੂੰ ਜੰਗ ਏ ਅਜ਼ਾਦੀ ਯਾਦਗਾਰ ‘ਚ ਹੋਏ ਕੰਮਾਂ ਵਿਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਵਿਜੀਲੈਂਸ ਦੀ ਟੀਮ ਪਿਛਲੇ ਦਿਨਾਂ ਦੌਰਾਨ ਯਾਦਗਾਰ ਚ ਹੋਏ ਕੰਮਾਂ ਦੀ ਜਾਂਚ ਵੀ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਲਖਵਿੰਦਰ ਸਿੰਘ ਜੌਹਲ ਨੂੰ ਵੀ ਤਲਬ ਕੀਤਾ ਸੀ।
ਜਾਣਕਾਰੀ ਅਨੁਸਾਰ ਵਿਜੀਲੈਂਸ ਯਾਦਗਾਰ ਸਥਾਨ ਵਿਚ ਡਾਕਟਰ ਹਮਦਰਦ ਦੀ ਭੂਮਿਕਾ ‘ਤੇ ਖਰਚ ਕੀਤੇ ਗਏ ਪੈਸੇ ਦਾ ਹਿਸਾਬ ਬਾਰੇ ਪੁੱਛਗਿੱਛ ਲਰ ਸਕਦੀ ਹੈ। ਵਿਜੀਲੈਂਸ ਵੱਲੋਂ ਡਾਕਟਰ ਹਮਦਰਦ ਨੂੰ ਤਲਬ ਕਰਦਿਆਂ ਸਪੱਸ਼ਟ ਕੀਤਾ ਗਿਆ ਹੈ ਕਿ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ਵਿਚ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਮੀਡੀਆ ਦਾ ਚੌਥਾ ਥੰਮ੍ਹ ਹੋਵੇ ਜਾਂ ਕਿਸੇ ਵੀ ਪਾਰਟੀ ਦਾ ਆਗੂ। ਇਹ ਪਹਿਲੀ ਵਾਰ ਹੈ ਕਿ ਵਿਜੀਲੈੰਸ ਇਕ ਅਖ਼ਬਾਰ ਸਮੂਹ ਮੈਨੇਜਿੰਗ ਐਡੀਟਰ ਨੂੰ ਸੰਮਨ ਕੀਤਾ ਹੋਵੇ। ਡਾ. ਹਮਦਰਦ ‘ਤੇ ਪਹਿਲਾਂ ਕੋਈ ਦੋਸ਼ ਨਹੀਂ ਲੱਗਿਆ ਪਰ ਵਿਜੀਲੈਂਸ ਵੱਲੋਂ ਤਲਬ ਕੀਤੇ ਜਾਣ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਸਕਦਾ ਹੈ।