ਚੰਡੀਗੜ੍ਹ (ਰੋਹਿਤ ਗੋਇਲ) Fancy Number Auction In Chandigarh : ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਕਾਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਲੋਕਾਂ ‘ਚ ਕਾਰ ਲਈ ਫੈਂਸੀ ਨੰਬਰ ਖਰੀਦਣ ਦਾ ਕਾਫੀ ਕ੍ਰੇਜ਼ ਹੈ। ਲੋਕ ਆਪਣੀ ਕਾਰ ਲਈ ਪਸੰਦੀਦਾ ਨੰਬਰ ਲੈਣ ਲਈ ਲੱਖਾਂ ਰੁਪਏ ਖਰਚ ਕਰਦੇ ਹਨ। ਜਿੱਥੇ ਸ਼ਹਿਰ ਦੇ ਲੋਕ ਮਹਿੰਗੇ ਵਾਹਨਾਂ ਦੇ ਸ਼ੌਕੀਨ ਹਨ, ਉੱਥੇ ਹੀ ਉਹ ਆਪਣੇ ਵਾਹਨਾਂ ਦੇ ਫੈਂਸੀ ਨੰਬਰ ਲੈਣ ਦੇ ਵੀ ਦੀਵਾਨੇ ਹਨ।
ਰਜਿਸਟ੍ਰੇਸ਼ਨ ਐਂਡ ਲਾਈਸੈਂਸਿੰਗ ਅਥਾਰਟੀ (ਆਰ.ਐਲ.ਏ.), ਚੰਡੀਗੜ੍ਹ ਵੱਲੋਂ ਕਰਵਾਈ ਗਈ ਸੀਐਚ-01-ਸੀਕਿਊ ਸੀਰੀਜ਼ ਦੇ ਵਾਹਨਾਂ ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਵਿੱਚ 0001 ਨੰਬਰ 21 ਲੱਖ 22 ਹਜ਼ਾਰ ਵਿਚ ਵਿਕਿਆ ਹੈ। ਉੱਥੇ ਹੀ 0009 ਨੰਬਰ 11 ਲੱਖ 10 ਹਜ਼ਾਰ ਰੁਪਏ ਵਿੱਚ ਵੇਚਿਆ ਗਿਆ ਹੈ।
ਫੈਂਸੀ ਨੰਬਰ 0001 ਤੋਂ 9999 ਸਮੇਤ ਪੁਰਾਣੀ ਸੀਰੀਜ਼ ਦੇ ਬਾਕੀ ਬਚੇ ਨੰਬਰ ਵੀ ਈ-ਨਿਲਾਮੀ ਵਿਚ ਸ਼ਾਮਲ ਕੀਤੇ ਗਏ ਸਨ। 24 ਤੋਂ 26 ਮਈ ਤਕ ਹੋਣ ਵਾਲੀ ਇਸ ਨਿਲਾਮੀ ਵਿਚ ਬੋਲੀਕਾਰਾਂ ਨੇ 462 ਫੈਂਸੀ ਨੰਬਰਾਂ ਲਈ ਬੋਲੀ ਲਗਾਈ। ਆਰਐਲਏ ਵਿਭਾਗ ਨੇ ਇਸ ਈ-ਨਿਲਾਮੀ ਤੋਂ ਕੁੱਲ 2,57,68,000 ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ।