ਹੁਸ਼ਿਆਰਪੁਰ (ਭੰਗੂ) ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਸੂਬੇ ਨੂੰ ਹਰਿਆ-ਭਰਿਆ ਤੇ ਸਾਫ਼-ਸੁਥਰਾ ਬਣਾਉਣ ਦੇ ਉਦੇਸ਼ ਨਾਲ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਅਹਿਮ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸੂਬੇ ਦੀਆਂ ਨਰਸਰੀਆਂ ’ਚ ਵੱਡੇ ਪੱਧਰ ’ਤੇ ਬੂਟੇ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੂਟੇ ਤਿਆਰ ਕਰਨ ਲਈ ਸਭ ਤੋਂ ਪਹਿਲੀ ਲੋੜ ਬੂਟੇ ਨੂੰ ਸੰਭਾਲਣ ਲਈ ਥੈਲੀਆਂ ਦੀ ਹੁੰਦੀ ਹੈ। ਇਸ ਲਈ ਸੂਬੇ ’ਚ ਨਰਸਰੀਆਂ ਲਈ ਸਾਲ 2022-23 ਤੇ 2023-24 ਦੋ ਸਾਲਾਂ ਲਈ ਕਰੀਬ 3 ਕਰੋੜ ਬੂਟਿਆਂ ਦੇ ਟੀਚੇ ਨੂੰ ਪੂਰਾ ਕਰਨ ਲਈ ਹੁਸ਼ਿਆਰਪੁਰ ’ਚ ਸਥਿਤ ਪੌਲੀਥੀਨ ਫੈਕਟਰੀ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਉਤਪਾਦਨ ਸਮਰੱਥਾ ਨੂੰ ਵਧਾਉਣ ਦੇ ਨਾਲ-ਨਾਲ ਥੈਲੀਆਂ ਦੇ ਮਿਆਰ ਵਿਚ ਵੀ ਵਾਧਾ ਕੀਤਾ ਗਿਆ ਹੈ। ਉਹ ਅੱਜ ਹੁਸ਼ਿਆਰਪੁਰ ਦੇ ਬੱਸੀਜਾਨਾ ਸਥਿਤ ਵਣਪਾਲ ਖੋਜ ਤੇ ਟੇ੍ਰਨਿੰਗ ਸਰਕਲ, ਐੱਸਐੱਫਆਰਆਈ ਲਾਡੋਵਾਲ, ਲੁਧਿਆਣਾ ਤਹਿਤ ਬੈਗਜ਼ ਫੈਕਟਰੀ ਦੇ ਦੌਰੇ ਦੌਰਾਨ ਜਾਣਕਾਰੀ ਦੇ ਰਹੇ ਸਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤਹਿਤ ਜਿੱਥੇ ਫੈਕਟਰੀ ਨੂੰ ਅਪਗੇ੍ਰਡ ਕਰਦੇ ਹੋਏ ਜਿੱਥੇ ਪੁਰਾਣੀਆਂ ਮਸ਼ੀਨਾਂ ਦੀ ਮੁਰੰਮਤ ਕਰਵਾਈ ਗਈ ਹੈ, ਉਥੇ ਇਕ ਨਵੀਂ ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਤਹਿਤ ਹੁਣ ਇਥੇ ਹਰ ਹਫ਼ਤੇ ਕਰੀਬ 3.5 ਟਨ ਥੈਲੀਆਂ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਥੈਲੀਆਂ ਦੀ ਮੋਟਾਈ 30 ਮਾਈਕ੍ਰੋਨ ਤੋਂ ਵਧਾ ਕੇ 76 ਮਾਈਕ੍ਰੋਨ ਕਰ ਦਿੱਤੀ ਗਈ ਹੈ, ਜਿਸ ਨਾਲ ਹੁਣ ਨਰਸਰੀ ’ਚ ਅਸਾਨੀ ਨਾਲ ਇਨ੍ਹਾਂ ਥੈਲੀਆਂ ’ਚ ਦੋ ਸਾਲ ਤਕ ਬੂਟਿਆਂ ਨੂੰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਨੂੰ ਵਾਤਾਵਰਣ ਪੱਖੀ ਬਣਾਉਣ ਦੇ ਉਦੇਸ਼ ਦੀ ਪੂਰਤੀ ਲਈ ਜੋ ਵੀ ਪਲਾਸਟਿਕ ਦਾ ਕੂੜਾ ਪੈਦਾ ਹੁੰਦਾ ਹੈ, ਉਸ ਦੀ ਸੌ ਫੀਸਦੀ ਰੀਸਾਈਕਲ ਕਰਕੇ ਪੋਲੀਥੀਨ ਬੈਗਜ਼ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਜੰਗਲਾਤ ਵਿਭਾਗ ਦੇ ਟੀਚੇ ਨੂੰ ਮੁੱਖ ਰੱਖਦਿਆਂ ਇੱਥੇ ਤਿੰਨ ਸ਼ਿਫਟਾਂ ਵਿਚ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਇਥੇ ਸਥਿਤ ਮੌਡਰਨ ਨਰਸਰੀ ਅਤੇ ਵਰਮੀ ਕੰਪੋਸਟ ਯੂਨਿਟ ਦਾ ਨਿਰੀਖਣ ਵੀ ਕੀਤਾ।