ਜਗਰਾਉਂ, 31 ਮਈ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਹੱਬਜ਼ ਆਫ਼ ਲਰਨਿੰਗ 2023 ਦੀ ਪਹਿਲੀ ਮੀਟਿੰਗ ਹੋਈ ਜਿਸ ਵਿਚ ਲੁਧਿਆਣੇ ਜ਼ਿਲ੍ਹੇ ਦੇ ਹੱਬਜ਼ ਆਫ਼ ਲਰਨਿੰਗ ਦੇ ਹੇਠ ਆਉਂਦੇ ਡੀ.ਏ.ਵੀ ਸੈਨੇਟਰੀ ਪਬਲਿਕ ਸਕੂਲ ਜਗਰਾਉਂ, ਟੈਗੋਰ ਪਬਲਿਕ ਸਕੂਲ ਲੁਧਿਆਣਾ, ਤੇਜਸ ਪਬਲਿਕ ਸਕੂਲ ਚੌਕੀਮਾਨ, ਸੇਂਟ ਥਾਮਸ ਸਕੂਲ, ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ, ਟੈਗੋਰ ਮਾਡਰਨ ਸਕੂਲ ਰਾਏਕੋਟ ਅਤੇ ਇੰਦਸ ਵਰਲਡ ਸਕੂਲ ਦੇ ਪ੍ਰਿੰਸੀਪਲਾਂ ਨੇ ਹਿੱਸਾ ਲਿਆ। ਇਸ ਮੌਕੇ ਸਾਰੇ ਹੀ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਬੱਚਿਆਂ ਦੇ ਬਹੁ-ਪੱਖੀ ਵਿਕਾਸ ਵੱਲ ਧਿਆਨ ਦੇਣ ਦੀ ਲੋੜ ਤੇ ਜ਼ੋਰ ਪਾਇਆ ਅਤੇ ਉਹਨਾਂ ਵਿਚਕਾਰ ਪ੍ਰਤੀਯੋਗਤਾਵਾਂ ਕਰਵਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ। ਜਿਸ ਨਾਲ ਵਿਦਿਆਰਥੀ ਆਪਣੇ ਭਵਿੱਖ ਵਿਚ ਉੱਚ-ਮੁਕਾਮ ਤੇ ਪਹੁੰਚਣ ਲਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨ। ਵੱਖ-ਵੱਖ ਪ੍ਰਤੀਯੋਗਤਾਵਾਂ ਦੀ ਜ਼ਿੰਮੇਵਾਰੀ ਸਾਰੇ ਹੀ ਸਕੂਲਾਂ ਨੂੰ ਸੌਂਪੀ ਗਈ ਜੋ ਕਿ ਮਹੀਨੇਵਾਰ ਕਰਵਾਈਆਂ ਜਾਣਗੀਆਂ। ਇਸ ਮੌਕੇ ਬਲੌਜ਼ਮਜ਼ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਸਾਰੇ ਹੀ ਪ੍ਰਿੰਸੀਪਲਾਂ ਨੂੰ ਜੀ ਆਇਆ ਆਖਿਆ ਤੇ ਨਾਲ ਹੀ ਉਹਨਾਂ ਦੱਸਿਆ ਕਿ ਅੱਜ ਦਾ ਸਮਾਂ ਸਿੱਖਿਆ ਦੇ ਪਸਾਰ ਨੂੰ ਉੱਚਾ ਚੁੱਕਣ ਲਈ ਸਾਨੂੰ ਹਰ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਵਿਦਿਆਰਥੀ ਜੀਵਨ ਨੂੰ ਸੁਖਾਵਾਂ ਬਣਾਇਆ ਜਾ ਸਕੇ। ਇਸ ਨਾਲ ਜਿੱਥੇ ਅਸੀਂ ਸੰਸਾਰ ਭਰ ਵਿਚੋਂ ਵਿਦਿਆਰਥੀਆਂ ਨੂੰ ਅੱਵਲ ਨਤੀਜੇ ਪ੍ਰਦਾਨ ਕਰਕੇ ਆਪਣੇ ਦੇਸ਼ ਨੂੰ ਮੋਹਰੀ ਕਰ ਸਕੀਏ। ਮੀਟਿੰਗ ਦੀ ਸਮਾਪਤੀ ਤੇ ਡਾ:ਨਾਜ਼ ਵੱਲੋਂ ਸਵੱਛ ਭਾਰਤ ਅਭਿਆਨ ਦਾ ਸੁਨੇਹਾ ਦਿੰਦੇ ਹੋਏ ਸਾਰੇ ਹੀ ਪ੍ਰਿੰਸੀਪਲਾਂ ਨੂੰ ਪੌਦੇ ਲੱਗੇ ਪੌਟ ਦਿੱਤੇ ਗਏ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ,ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਕਿਹਾ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਅਸੀਂ ਹਰ ਕਦਮ ਨਾਲ ਹਾਂ।