ਅੰਮ੍ਰਿਤਸਰ, 31 ਮਈ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਜੰਡਿਆਲਾ ਗੁਰੂ ਵਿਧਾਨ ਸਭਾ ਹਲਕੇ ਦੇ ਉਹ ਬੱਚੇ, ਜਿੰਨਾ ਨੇ ਹਾਲ ਹੀ ਵਿਚ ਆਏ ਵੱਖ-ਵੱਖ ਬੋਰਡਾਂ ਦੇ ਦੱਸਵੀਂ ਅਤੇ ਬਾਰਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਵਿਚੋਂ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਦਾ ਵਿਸ਼ੇਸ਼ ਸਨਮਾਨ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਕੀਤਾ ਗਿਆ।ਇਸ ਮੌਕੇ ਪ੍ਰੋਗਰਾਮ ਵਿਚ ਸ਼ਾਮਿਲ ਹੋਏ 40 ਤੋਂ ਵੱਧ ਸਕੂਲਾਂ ਦੇ ਕਰੀਬ 250 ਬੱਚਿਆਂ ਤੇ ਉਨਾਂ ਦੇ ਮਾਪਿਆਂ ਨੂੰ ਸੰਬੋਧਨ ਕਰਦੇ ਹਰਭਜਨ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਦੀ ਪਹਿਲੀ ਤਰਜੀਹ ਸਿੱਖਿਆ ਦੇ ਪੱਧਰ ਨੂੰ ਉਚਾ ਚੁੱਕਣਾ ਹੈ।ਉਨਾਂ ਪਿਛਲੇ ਸਾਲ ਦੇ ਨਤੀਜੇ ਯਾਦ ਕਰਦੇ ਕਿਹਾ ਕਿ ਜਦੋਂ ਪਿਛਲੇ ਸਾਲ ਸਰਕਾਰ ਬਣੀ ਤਾਂ ਮੈਂ ਉਸ ਵਕਤ ਦੇ ਜਿਲ੍ਹਾ ਸਿੱਖਿਆ ਅਧਿਕਾਰੀ ਕੋਲੋਂ ਜੰਡਿਆਲਾ ਗੁਰੂ ਹਲਕੇ ਦੇ 90 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਬੱਚਿਆਂ ਦੇ ਨਾਮ ਮੰਗੇ ਤਾਂ ਪਤਾ ਲੱਗਾ ਕਿ ਅਜਿਹਾ ਇਕ ਵੀ ਬੱਚਾ ਨਹੀਂ ਹੈ।ਉਨਾਂ ਕਿਹਾ ਕਿ ਮੈਂ ਇਸ ਕਮਜ਼ੋਰੀ ਨੂੰ ਦੂਰ ਕਰਨ ਲਈ ਆਪਣੇ ਹਲਕੇ ਦੇ ਹਰੇਕ ਸਕੂਲ ਦਾ ਦੌਰਾ ਕੀਤਾ, ਬੱਚਿਆਂ ਨੂੰ ਉਤਸ਼ਾਹਿਤ ਕੀਤਾ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਕੇ ਸਕੂਲਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ, ਜਿਸਦਾ ਸਿੱਟਾ ਹੈ ਕਿ ਅੱਜ ਸਾਡੇ ਹਲਕੇ ਦੇ ਕਰੀਬ 250 ਤੋਂ ਵੱਧ ਬੱਚਿਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਬੱਚਿਆਂ ਉਤੇ ਕੀਤਾ ਗਿਆ ਨਿਵੇਸ਼ ਕਦੇ ਵੀ ਵਿਅਰਥ ਨਹੀਂ ਜਾਂਦਾ ਅਤੇ ਸਾਡੀ ਸਰਕਾਰ ਇਸ ਸਚਾਈ ਨੂੰ ਸਮਝਦੇ ਹੋਏ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਨਿਰੰਤਰ ਉਪਰਾਲੇ ਕਰ ਰਹੀ ਹੈ। ਉਨਾਂ ਕਿਹਾ ਕਿ ਮੈਂ ਹਰੇਕ ਦਿਵਾਲੀ ਉਤੇ ਆਪਣੇ ਸਕੂਲ ਵਿਚ ਦੀਵੇ ਜਗਾ ਕੇ ਆਉਂਦਾ ਹਾਂ ਤੇ ਮੇਰਾ ਮੰਨਣਾ ਹੈ ਕਿ ਸਮਾਜ ਦੀ ਤਰੱਕੀ ਲਈ ਸਕੂਲਾਂ ਨੂੰ ਰੌਸ਼ਨ ਕਰਨਾ ਬਹੁਤ ਜਰੂਰੀ ਹੈ। ਉਨਾਂ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਕਿਹਾ ਕਿ ਇਨਾਂ ਬੱਚਿਆਂ ਦੀ ਉਚ ਸਿੱਖਿਆ ਲਈ ਵੀ ਅਸੀਂ ਹਰ ਤਰਾਂ ਤੁਹਾਡੇ ਨਾਲ ਹਾਂ ਅਤੇ ਇਹ ਬੱਚੇ ਸਾਡੇ ਸਿਰ ਦਾ ਤਾਜ ਹਨ।ਇਸ ਨਿਵੇਕਲੀ ਸ਼ੁਰੂਆਤ ਨਾਲ ਹੁਸ਼ਿਆਰ ਬੱਚਿਆਂ ਦਾ ਇੰਨਾ ਵੱਡਾ ਸਨਮਾਨ ਸਮਾਰੋਹ ਕਰਨ ਵਾਲਾ ਜੰਡਿਆਲਾ ਗੁਰੂ ਹਲਕਾ ਰਾਜ ਦਾ ਪਹਿਲਾ ਹਲਕਾ ਬਣ ਗਿਆ ਹੈ।ਸਮਾਗਮ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਦਿਲ ਲਗਾ ਕੇ ਪੜਨ ਤੇ ਆਪਣਾ ਭਵਿੱਖ ਚੁਣਨ ਵੇਲੇ ਕਿਸੇ ਬੱਚੇ ਦੀ ਰੀਸ ਨਾ ਕਰਨ,ਬਲਕਿ ਆਪਣੇ ਦਿਲ ਦੀ ਅਵਾਜ਼ ਸੁਣ ਕੇ ਅਗਲੇਰੀ ਪੜਾਈ ਦੇ ਵਿਸ਼ੇ ਚੁਣਨ, ਜੋ ਕਿ ਉਨਾਂ ਨੂੰ ਮੁਹਾਰਤ ਹਾਸਿਲ ਕਰਨ ਲਈ ਜਰੂਰੀ ਹੈ। ਉਨਾਂ ਕਿਹਾ ਕਿ ਅਨੁਸਾਸ਼ਨ, ਮਿਹਨਤ, ਇਮਾਨਦਾਰੀ ਤੇ ਜਨੂੰਨ ਅੱਗੇ ਕੋਈ ਮੰਜਿਲ ਔਖੀ ਨਹੀਂ, ਬੱਸ ਲੋੜ ਹੈ ਇਸ ਫਾਰਮੂਲੇ ਉਤੇ ਪਹਿਰਾ ਦੇਣ ਦੀ।ਜਿਲ੍ਹਾ ਪੁਲਿਸ ਅਧਿਕਾਰੀ ਸਤਿੰਦਰ ਸਿੰਘ ਨੇ ਇਸ ਮੌਕੇ ਬੱਚਿਆਂ ਨੂੰ ਮੁਬਾਰਕ ਦਿੰਦੇ ਚੰਗੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਨੌਜਵਾਨ ਅਧਿਕਾਰੀ ਐਸ ਡੀ ਐਮ ਸ. ਸਿਮਰਦੀਪ ਸਿੰਘ, ਆਈ ਏ ਐਸ ਨੇ ਵੀ ਬੱਚਿਆਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦੇ ਉਚੇਰੀ ਪੜਾਈ ਲਈ ਪ੍ਰੇਰਨਾ ਦਿੱਤੀ।ਹੋਰਨਾਂ ਤੋਂ ਇਲਾਵਾ ਇਸ ਮੌਕੇ ਪਿ੍ੰਸੀਪਲ ਸੁਰੇਸ਼ ਕੁਮਾਰ,ਨਰੇਸ਼ ਪਾਠਕ,ਸੂਬੇਦਾਰ ਛਨਾਕ ਸਿੰਘ ਨੇ ਵੀ ਸੰਬੋਧਨ ਕੀਤਾ।ਇਸ ਮੌਕ ਮਾਤਾ ਸੁਰਿੰਦਰ ਕੌਰ,ਸੁਹਿੰਦਰ ਕੌਰ, ਪੁਲਿਸ ਅਧਿਕਾਰੀ ਸੁੱਚਾ ਸਿੰਘ, ਡੀ ਐਸ ਪੀ ਕੁਲਦੀਪ ਸਿੰਘ, ਡੀ ਈ ਓ ਸੁਸ਼ੀਲ ਤੁਲੀ, ਡੀ ਈ ਓ ਰਾਜੇਸ਼,ਪਿ੍ੰਸੀਪਲ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਬੰਡਾਲਾ ਦੀਪ ਇੰਦਰਪਾਲ ਸਿੰਘ,ਜਸਬੀਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।