ਕੌਂਂਸਲਰ ਹਿਮਾਂਸ਼ੂ ਮਲਿਕ ਨੇ ਚੋਣਾਂ ਦਾ ਕੀਤਾ ਬਾਈਕਾਟ
ਜਗਰਾਉਂ, 2 ਜੂਨ ( ਜਗਰੂਪ ਸੋਹੀ, ਮੋਹਿਤ ਜੈਨ )- ਨਗਰ ਕੌਂਸਲ ਜਗਰਾਉਂ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀਆਂ ਕੁਰਸੀਆਂ ਪਿਛਲੇ ਲੰਮੇ ਸਮੇਂ ਤੋਂ ਖਾਲੀ ਪਈਆਂ ਸਨ। ਜਿਸ ਦੀ ਚੋਣ ਅੱਜ ਭਾਰੀ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਗਈ। ਪਿਛਲੇ ਸਮੇਂ ਤੋਂ ਹੋ ਰਹੀਆਂ ਨਗਰ ਕੌਂਸਲ ਦੀਆਂ ਮੀਟਿੰਗਾਂ ਵਾਂਗ ਸ਼ੁੱਕਰਵਾਰ ਨੂੰ ਵੀ ਸਵੇਰ ਤੋਂ ਹੀ ਨਗਰ ਕੌਂਸਲ ਦੇ ਆਲੇ-ਦੁਆਲੇ ਦਾ ਇਲਾਕਾ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ। ਨਗਰ ਕੌਂਸਲ ਹਾਊਸ ’ਚ ਵਿਧਾਇਕ ਸਰਵਜੀਤ ਮਾਣੂੰਕੇ ਦੀ ਅਗਵਾਈ ’ਚ ਹੋਈਆਂ ਚੋਣਾਂ ’ਚ ਬਾਗੀ ਕਾਂਗਰਸੀ ਕੌਸਲਰਾਂ ਦੇ ਸਹਿਯੋਗ ਨਾਲ ਅਮਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ 14 ਵੋਟਾਂ ਬਣਿਆ ਅਤੇ ਕਾਂਗਰਸ ਪਾਰਟੀ ਦੀ ਸੁਖਦੇਵ ਕੌਰ ਧਾਲੀਵਾਲ 9 ਵੋਟਾਂ ਨਾਲ ਮੀਤ ਪ੍ਰਧਾਨ ਚੁਣੇ ਗਏ।
ਯੂਥ ਕੌਂਸਲਰ ਹਿਮਾਂਸ਼ੂ ਮਲਿਕ ਨੇ ਕੀਤਾ ਬਾਈਕਾਟ- ਯੂਥ ਕੌਂਸਲਰ ਹਿਮਾਂਸ਼ੂ ਮਲਿਕ ਨੇ ਸ਼ੁੱਕਰਵਾਰ ਨੂੰ ਨਗਰ ਕੌਂਸਲ ਦੇ ਟਾਊਨ ਹਾਲ ਵਿਖੇ ਹੋਈ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਦੌਰਾਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕੀਤੀ ਅਤੇ ਕਿਸੇ ਵੀ ਧੜ੍ਹੇ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਈ ਅਤੇ ਇਸ ਚੋਣ ਦਾ ਮੁਕੰਮਲ ਬਾਈਕਾਟ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਿਮਾਂਸ਼ੂ ਮਲਿਕ ਨੇ ਕਿਹਾ ਕਿ ਨਗਰ ਕੌਾਸਲ ਨੂੰ ਪੁਲਿਸ ਛਾਉਣੀ ’ਚ ਤਬਦੀਲ ਕਰਕੇ ਭਾਰੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਚੋਣਾਂ ਕਰਵਾਉਣ ਦਾ ਕੋਈ ਮਕਸਦ ਨਹੀਂ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੇ ਵਿਕਾਸ ਕਾਰਜ ਠੱਪ ਪਏ ਹਨ। ਕੌਂਸਲਰ ਹਿਮਾਂਸ਼ੂ ਮਲਿਕ ਨੇ ਕਿਹਾ ਕਿ ਅੱਜ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਦੌਰਾਨ ਉਨ੍ਹਾਂ ਕਿਸੇ ਦੇ ਹੱਕ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੌਂਸਲਰ ਬਣਨ ਦਾ ਮੁੱਖ ਉਦੇਸ਼ ਆਮ ਲੋਕਾਂ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ। ਸ਼ਹਿਰ ਦੀਆਂ ਮਸ਼ਿਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਾ ਅਤੇ ਵਿਕਾਸ ਕਾਰਜ ਕਰਵਾਉਣਾ ਜ਼ਰੂਰੀ ਹੈ। ਜਦੋਂ ਕਿ ਸ਼ਹਿਰ ਵਿੱਚ ਵਿਕਾਸ ਕਾਰਜ ਲੰਮੇ ਸਮੇਂ ਤੋਂ ਠੱਪ ਪਏ ਹਨ। ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਦੇ ਵਿਕਾਸ ਕਾਰਜ ਹੀ ਨਹੀਂ ਕਰਵਾਉਣੇ ਹਨ ਤਾਂ ਅਜਿਹੀਆਂ ਚੋਣਾਂ ਕਰਵਾਉਣ ਦਾ ਕੋਈ ਮਕਸਦ ਨਹੀਂ ਹੈ। ਜਿਸ ਕਾਰਨ ਉਨ੍ਹਾਂ ਅੱਜ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕੀਤੀ ਅਤੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਦਾ ਬਾਈਕਾਟ ਕੀਤਾ ਹੈ।