ਜਗਰਾਉਂ, 5 ਜੂਨ ( ਜਗਰੂਪ ਸੋਹੀ, ਅਸ਼ਵਨੀ )-ਥਾਣਾ ਸਦਰ ਜਗਰਾਉਂ ਅਤੇ ਥਾਣਾ ਸਦਰ ਰਾਏਕੋਟ ਦੀਆਂ ਪੁਲਿਸ ਪਾਰਟੀਆਂ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 80 ਬੋਤਲਾਂ ਸ਼ਰਾਬ ਅਤੇ 110 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ। ਏ.ਐਸ.ਆਈ ਮਨੋਹਰ ਲਾਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਬੱਸ ਸਟੈਂਡ ਬੱਸੀਆਂ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਹਰਬਿੰਦ ਸਿੰਘ ਵਾਸੀ ਪਿੰਡ ਸੱਤੋਵਾਲ ਬਾਹਰਲੇ ਰਾਜਾਂ ਤੋਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਸਸਤੇ ਭਾਅ ’ਤੇ ਲਿਆ ਕੇ ਪਿੰਡਾਂ ਵਿੱਚ ਸਪਲਾਈ ਕਰਦਾ ਹੈ। ਉਸ ਨੇ ਆਪਣੇ ਘਰ ਵਿੱਚ ਵੱਡੀ ਮਾਤਰਾ ਵਿੱਚ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੀਆਂ ਬੋਤਲਾਂ ਸਟੋਰ ਕੀਤੀਆਂ ਹੋਈਆਂ ਹਨ। ਇਸ ਸੂਚਨਾ ’ਤੇ ਹਰਬਿੰਦ ਸਿੰਘ ਦੇ ਘਰ ਛਾਪਾ ਮਾਰ ਕੇ 80 ਬੋਤਲਾਂ ਸ਼ਰਾਬ 999 ਪਾਵਰ ਫਾਈਨ ਸੈੱਲ ਚੰਡੀਗੜ੍ਹ ਬਰਾਮਦ ਕੀਤੀਆਂ ਗਈਆਂ। ਇਸੇ ਤਰ੍ਹਾਂ ਪੁਲੀਸ ਚੌਕੀ ਗਾਲਿਬ ਕਲਾਂ ਦੇ ਇੰਚਾਰਜ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਜੀ.ਟੀ ਰੋਡ ਨੇੜੇ ਗੁਰੂਸਰ ਫਾਟਕ ਤੋਂ ਗਾਲਿਬ ਕਲਾਂ ਨੂੰ ਚੈਕਿੰਗ ਲਈ ਜਾ ਰਹੇ ਸਨ। ਜਦੋਂ ਪੁਲੀਸ ਪਾਰਟੀ ਚੌਰਾਹਾ ਗਾਲਿਬ ਕਲਾਂ ਨੇੜੇ ਪੁੱਜੀ ਤਾਂ ਇੱਕ ਵਿਅਕਤੀ ਆਪਣੇ ਹੱਥ ਵਿੱਚ ਫੜਿਆ ਪਲਾਸਟਿਕ ਦਾ ਲਿਫਾਫਾ ਸੁੱਟ ਕੇ ਹੇਠਾਂ ਖਿਸਕਣ ਲੱਗਾ ਤਾਂ ਉਸ ਦੇ ਸੁੱਟੇ ਹੋਏ ਲਿਫਾਫੇ ਵਿੱਚੋਂ ਪਾਬੰਦੀਸ਼ੁਦਾ ਗੋਲੀਆਂ ਨਿਕਲੀਆਂ। ਉਸ ਨੂੰ ਕਾਬੂ ਕਰਕੇ 110 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ। ਵਿਅਕਤੀ ਦੀ ਪਛਾਣ ਗੁਰਚਰਨ ਸਿੰਘ ਵਾਸੀ ਪਿੰਡ ਚੂਹੜਚੱਕ ਵਜੋਂ ਹੋਈ ਹੈ।