ਫਗਵਾੜਾ, 6 ਜੂਨ (ਰਾਜੇਸ਼ ਜੈਨ – ਰਾਜ਼ਨ ਜੈਨ) : ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮੰਤਵ ਨਾਲ ਲਾਏ ਜਾ ਰਹੇ ਰੁਜ਼ਗਾਰ ਮੇਲਿਆਂ ਦੀ ਲੜੀ ਵਿਚ 7 ਜੂਨ ਨੂੰ ਸਰਕਾਰੀ ਆਈ.ਟੀ.ਆਈ.(ਲੜਕੀਆਂ) ਫਗਵਾੜਾ ਵਿਖੇ ਰੁਜ਼ਗਾਰ ਮੇਲਾ ਲਗਾਇਆ ਜਾਵੇਗਾ।ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮੇਲੇ ਦਾ ਲਾਭ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਮੇਲੇ ਦੌਰਾਨ ਜਿੱਥੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਾਮੀ ਕੰਪਨੀਆਂ ਵਿਚ ਰੁਜ਼ਗਾਰ ਦਿਵਾਉਣ ਲਈ ਅਗਵਾਈ ਪ੍ਰਦਾਨ ਕੀਤੀ ਜਾਵੇਗੀ ਉੱਥੇ ਹੀ ਉਨ੍ਹਾਂ ਨੂੰ ਸਵੈ ਰੁਜ਼ਗਾਰ ਦੇ ਕਾਬਿਲ ਬਣਾਉਣ ਲਈ ਤਕਨੀਕੀ, ਪ੍ਰਸ਼ਾਸ਼ਕੀ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ ਅਸਾਨ ਦਰਾਂ ’ਤੇ ਕਰਜ਼ ਮੁਹੱਈਆ ਕਰਵਾਉਣ ਦੇ ਯਤਨ ਵੀ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਪ੍ਰਾਈਵੇਟ ਖੇਤਰ ਦੀਆਂ ਨਾਮਵਾਰ ਕੰਪਨੀਆਂ ਜੇ.ਸੀ.ਟੀ., ਫਾਈਨ ਸਵਿੱਚਸ , ਬਾਵਾ ਇੰਡਸਟਰੀਜ, ਜੀ.ਐਨ.ਏ ਐਕਸਲ , ਜੀ.ਐਨ.ਏ. ਇੰਟਰਪ੍ਰਾਈਜਸ ਅਤੇ ਸੁਖਜੀਤ ਸਟਾਰਚ ਆਦਿ ਵਲੋਂ ਭਾਗ ਲੈ ਕੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।ਵਧੀਕ ਡਿਪਟੀ ਕਮਿਸ਼ਨਰ (ਵਿ) ਕਮ ਸੀ.ਈ.ਓ. ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਰਮਜੀਤ ਕੌਰ ਨੇ ਦੱਸਿਆ ਗਿਆ ਕਿ ਮੇਲੇ ਵਿੱਚ ਦਸਵੀਂ, ਬਾਰਵੀਂ, ਆਈ.ਟੀ.ਆਈ. , ਡਿਪਲੋਮਾ ਹੋਲਡਰ, ਬੀ.ਟੈਕ, ਗਰੈਜੁਏਟ ਅਤੇ ਪੋਸਟ ਗਰੈਜੂਏਟ ਪ੍ਰਾਰਥੀ ਭਾਗ ਲੈ ਸਕਦੇ ਹਨ।ਉਨ੍ਹਾਂ ਦੱਸਿਆ ਕਿ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰਬਰ 98882-19247 ਤੇ ਸੰਪਰਕ ਕੀਤਾ ਜਾ ਸਕਦਾ ਹੈ।ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹੀ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਪੰਜਾਬ ਅਮਨ ਅਰੋੜਾ ਵਲੋਂ ਫਗਵਾੜਾ ਵਿਖੇ ਨੌਜਵਾਨਾਂ ਨੂੰ ਹੁਨਰਮੰਦ ਕਿੱਤਿਆਂ ਦੀ ਸਿਖਲਾਈ ਦੇਣ ਲਈ ‘ਸੈਂਟਰ ਆਫ ਐਕਸੀਲੈਂਸ ’ ਦੀ ਸ਼ਰੂਆਤ ਕੀਤੀ ਗਈ ਹੈ ਜਿੱਥੇ 2 ਸਾਲ ਵਿਚ 2000 ਬੱਚਿਆਂ ਦੀ ਸਿਖਲਾਈ ਦੇ ਕੇ ਰੁਜ਼ਗਾਰ ਦੇ ਕਾਬਿਲ ਬਣਾਇਆ ਜਾਵੇਗਾ ।