ਜਗਰਾਉਂ, 22 ਨਵੰਬਰ ( ਰਾਜੇਸ਼ ਜੈਨ )-ਵਿਦੇਸ਼ ਤੋਂ ਫੋਨ ਕਰਕੇ ਰਿਸ਼ਤੇਦਾਰ ਦਰਸਾ ਕੇ ਠੱਗੀ ਮਾਰਨ ਦੇ ਚੱਲ ਰਹੇ ਸਿਲਸਲੇ ਦੌਰਾਨ ਜਗਰਾਉਂ ਦੇ ਮੁਹੱਲਾ ਆਤਮ ਨਗਰ ਦਾ ਰਹਿਣ ਵਾਲਾ ਇੱਕ ਵਿਅਕਤੀ ਠੱਗਾਂ ਦੇ ਜਾਲ ਵਿੱਚ ਆ ਕੇ 6.90 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਬੱਸ ਅੱਡਾ ਪੁਲਸ ਚੌਕੀ ਦੇ ਇੰਚਾਰਜ ਏ.ਐੱਸ.ਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਸੁਖਵੰਤ ਸਿੰਘ ਵਾਸੀ ਪਿੰਡ ਧੂਰਕੋਟ, ਜ਼ਿਲਾ ਫਰੀਦਕੋਟ, ਮੌਜੂਦਾ ਮੁਹੱਲਾ ਆਤਮ ਨਗਰ ਜਗਰਾਓਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੂੰ 30 ਮਾਰਚ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਸੀ।ੰ ਫੋਨ ਕਰਕੇ ਕਿਹਾ ਕਿ ਉਸ ਦਾ ਰਿਸ਼ਤੇਦਾਰ ਬੋਲ ਰਿਹਾ ਹੈ। ਜਿਸ ਨੂੰ ਪੁਲਿਸ ਨੇ ਫੜ ਲਿਆ ਹੈ। ਉਸ ਨੂੰ ਕੁਝ ਪੈਸਿਆਂ ਦੀ ਲੋੜ ਹੈ, ਜੋ ਉਹ ਬਾਅਦ ਵਿਚ ਵਾਪਸ ਕਰ ਦੇਵੇਗਾ। ਸੁਖਵੰਤ ਸਿੰਘ ਉਸ ਦੀਆਂ ਗੱਲਾਂ ’ਤੇ ਆ ਗਿਆ ਅਤੇ ਉਸ ਵੱਲੋਂ ਦਿੱਤੇ ਵੱਖ-ਵੱਖ ਬੈਂਕ ਖਾਤਿਆਂ ਵਿੱਚ 6.90 ਲੱਖ ਰੁਪਏ ਦੀ ਰਕਮ ਜਮ੍ਹਾਂ ਕਰਵਾ ਦਿੱਤੀ। ਬਾਅਦ ਵਿਚ ਜਦੋਂ ਉਸ ਨੇ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਕੀਤੀ ਗਈ ਹੈ। ਇਸ ਸ਼ਿਕਾਇਤ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਹ ਪੈਸੇ ਸੰਨੀ ਵਾਸੀ ਗੋਪਾਲਪੁਰ ਜ਼ਿਲ੍ਹਾ ਹੁਸ਼ਿਆਰਪੁਰ, ਵਿਜੇ ਕੁਮਾਰ ਅਤੇ ਉਸ ਦੀ ਪਤਨੀ ਪ੍ਰਿਆ ਵਾਸੀ ਕਾਸ਼ੀਪੁਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਅਭਿਸ਼ੇਕ ਰਾਜ ਵਾਸੀ ਰਘੂਨਾਥਪੁਰ ਮੋਤੀਹਾਰੀ ਪੂਰਬੀ ਬਿਹਾਰ, ਮੌਜੂਦਾ ਵਾਸੀ ਰਘੂਨਾਥਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਬੈਂਕ ਖਾਤਿਆਂ ਵਿੱਚ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਇਹ ਬੈਂਕ ਖਾਤੇ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਚਲਾ ਰਿਹਾ ਸੀ। ਇਸ ਸ਼ਿਕਾਇਤ ਦੀ ਜਾਂਚ ਡੀਐਸਪੀ ਸਪੈਸ਼ਲ ਬ੍ਰਾਂਚ ਅਤੇ ਟਰੈਫਿਕ ਲੁਧਿਆਣਾ ਦੇਹਾਤੀ ਗੁਰਵਿੰਦਰ ਸਿੰਘ ਨੇ ਕੀਤੀ। ਸ਼ਿਕਾਇਤ ’ਤੇ ਉਕਤ ਸਾਰਿਆਂ ਖਿਲਾਫ ਥਾਣਾ ਸਿਟੀ ਜਗਰਾਉਂ ’ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।