ਜਗਰਾਓਂ, 1 ਸਤੰਬਰ ( ਰਾਜੇਸ਼ ਜੈਨ)- ਨਗਰ ਕੌਂਸਲ ਵੱਲੋਂ ਬੱਚਿਆਂ ਨੂੰ ਸਵੱਛ ਭਾਰਤ ਅਭਿਆਨ ਨਾਲ ਜੋੜਨ ਲਈ ਜਗਰਾਉਂ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਮਹਾਪ੍ਰਗਿਯ ਸਕੂਲ ਵਿਖੇ ਇੱਕ ਟੀਮ ਭੇਜੀ ਗਈ, ਜਿਸ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸਵੱਛ ਭਾਰਤ ਦੇ ਚੱਲ ਰਹੇ ਕੰਮਾਂ ਬਾਰੇ ਜਾਗਰੂਕ ਕੀਤਾ। ਟੀਮ ਨੇ ਵਿਦਿਆਰਥੀਆਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਦੀ ਸਲਾਹ ਦਿੱਤੀ ਤਾਂ ਜੋ ਰਹਿੰਦ-ਖੂੰਹਦ ਨੂੰ ਰੀਸਾਈਕਲ ਕਰਕੇ ਵਰਤਿਆ ਜਾ ਸਕੇ। ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਫਾਲਤੂ ਵਸਤੂਆਂ ਦਾਨ ਕਰਨ, ਵਸਤਾਂ ਨੂੰ ਮੁੜ ਡਿਜ਼ਾਈਨ ਕਰਨ ਅਤੇ ਰਹਿੰਦ-ਖੂੰਹਦ ਦੇ ਸਹੀ ਨਿਪਟਾਰੇ ਨਾਲ ਵਾਤਾਵਰਨ ਦੇ ਜ਼ਹਿਰੀਲੇਪਣ ਨੂੰ ਘੱਟ ਕੀਤਾ ਜਾ ਸਕਦਾ ਹੈ।ਵਿਦਿਆਰਥੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਕੂਲ ਵਿੱਚ ਸਫ਼ਾਈ ਲਈ ਅਧਿਆਪਕਾਂ ਵੱਲੋਂ ਸਮੇਂ-ਸਮੇਂ ‘ਤੇ ਪ੍ਰੇਰਿਆ ਜਾਂਦਾ ਹੈ ਅਤੇ ਸਕੂਲ ਵਿੱਚ ਪਹਿਲਾਂ ਤੋਂ ਹੀ ਗਿੱਲੇ ਅਤੇ ਸੁੱਕੇ ਕੂੜੇ ਦਾ ਵਧੀਆ ਪ੍ਰਬੰਧ ਦੇਖ ਕੇ ਮਿਉਂਸਪਲ ਟੀਮ ਦੇ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਨੇ ਕੌਂਸਲ ਪ੍ਰਧਾਨ ਅਤੇ ਮਹਿਮਾਨ ਟੀਮ ਦਾ ਧੰਨਵਾਦ ਕੀਤਾ।