ਜਗਰਾਉਂ , 1 ਸਿਤੰਬਰ ( ਭਗਵਾਨ ਭੰਗੂ, ਰੋਹਿਤ ਗੋਇਲ ) – ਸਥਾਨਕ ਜੀ. ਐੱਸ. ਟੀ. ਵਿਭਾਗ ਦੀ ਸਟੇਟ ਇਕਾਈ ਵਲੋਂ ਆਮ ਲੋਕਾਂ, ਗਾਹਕਾਂ ਅਤੇ ਵਿਿਦਆਰਥੀਆਂ ਨੂੰ ‘ਮੇਰਾ ਬਿੱਲ’ ਐਪ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਡਿਪਟੀ ਕਮਿਸ਼ਨਰ (ਸਟੇਟ ਕਰ) ਮੈਡਮ ਦਲਵੀਰ ਰਾਜ ਦੀਆਂ ਹਦਾਇਤਾਂ ਤੇ, ਸਹਾਇਕ ਕਮਿਸ਼ਨਰ (ਰਾਜ ਕਰ) ਮੈਡਮ ਹਰਸਿਮਰਤ ਕੌਰ ਗਰੇਵਾਲ ਦੀ ਰਾਹਨੁਮਾਈ ਹੇਠ ਜਗਰਾਉਂ ਵਿੱਚ ਤਿੰਨ ਵਿੱਦਿਅਕ ਅਦਾਰਿਆਂ ਵਿੱਚ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਹ ਸਮਾਗਮ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸੀ ਟੀ ਯੂਨੀਵਰਸਿਟੀ ਵਿੱਚ ਕਰਵਾਏ ਗਏ।
ਇਨ੍ਹਾਂ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ, ਅਧਿਆਪਕ ਅਤੇ ਆਮ ਲੋਕ ਹਾਜ਼ਰ ਸਨ। ਐੱਚ ਐੱਸ ਡਿੰਪਲ ਅਤੇ ਰਿਤੂਰਾਜ ਸਿੰਘ, ਦੋਵੇਂ ਸਟੇਟ ਕਰ ਅਫ਼ਸਰ ਦੀ ਅਗਵਾਈ ਹੇਠ ਪ੍ਰੇਮਜੀਤ ਸਿੰਘ, ਕਰ ਨਿਰੀਖ਼ਕ ਅਤੇ ਹੋਰ ਸਟਾਫ਼ ਦੀ ਮੌਜੂਦਗੀ ਵਿੱਚ ਇਸ ਸਮਾਗਮ ਨੂੰ ਸੰਬੋਧਤ ਕਰਦਿਆਂ ਡਿੰਪਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ‘ਬਿੱਲ ਲਿਆਉ ਇਨਾਮ ਪਾਉ’ ਦੇ ਨਾਅਰੇ ਅਧੀਨ ਇਸ ਨਵੀਂ, ਦਿਲਕਸ਼ ਅਤੇ ਲਾਹੇਵੰਦ ਯੋਜਨਾ ਦਾ ਆਗਾਜ਼ ਕਰਦਿਆਂ ‘ਮੇਰਾ ਬਿੱਲ’ ਐਪ ਲਾਂਚ ਕੀਤੀ ਹੈ, ਜਿਸ ਅਧੀਨ ਹਰ ਮਹੀਨੇ 10,000/- ਰੁਪਏ ਦੇ ਇਨਾਮ ਕੱਢੇ ਜਾਣਗੇ। ਇਸ ਐਪ ਰਾਹੀਂ ਤੁਸੀਂ ਮੁਫ਼ਤ ਦੀ ਲਾਟਰੀ ਦੇ ਟਿਕਟ ਦੇ ਹੱਕਦਾਰ ਬਣੋਗੇ। ਉਨ੍ਹਾਂ ਇਸ ਐਪ ਨੂੰ ਫੋਨ ਤੇ ਡਾਊਨਲੋਡ ਕਰਨ ਦੀ ਤਕਨੀਕ ਸਰਲ ਢੰਗ ਨਾਲ ਸਮਝਾਉਣ ਉਪਰੰਤ, ਕੁਝ ਫੋਨਾਂ ਤੇ ਇਹ ਐਪ ਬਾਕਾਇਦਾ ਡਾਊਨਲੋਡ ਵੀ ਕੀਤੀ।
ਉਨ੍ਹਾਂ ਇੰਕਸ਼ਾਫ਼ ਕੀਤਾ ਕਿ ਆਪਣੇ ਫੋਨ ਤੇ ਇਹ ਐਪ ਡਾਊਨਲੋਡ ਕਰਨ ਉਪਰੰਤ ਤੁਸੀਂ ‘ਲਾੱਗ ਇਨ’ ਕਰਕੇ 200 ਰੁਪਏ ਤੋਂ ਉੱਤੇ ਦਾ ਕੋਈ ਵੀ ਬਿੱਲ ਅਪਲੋਡ ਕਰ ਸਕਦੇ ਹੋ, ਬਸ਼ਰਤੇ ਕਿ ਉਹ ਸ਼ਰਾਬ ਜਾਂ ਪੈਟਰੋਲ / ਡੀਜ਼ਲ ਦਾ ਨਾ ਹੋਵੇ। ਮਹੀਨੇ ਵਿੱਚ ਇੱਕ ਦਿਨ ਲੱਕੀ ਡਰਾਅ ਕੱਢੇ ਜਾਣਗੇ, ਜਿਸ ਦਾ ਤੁਹਾਡੇ ਫੋਨ ਤੇ ਸੁਨੇਹਾ ਵੀ ਆਵੇਗਾ। ਇਹ ਐਪ ਪੰਜਾਬੀ ਤੇ ਅੰਗਰੇਜ਼ੀ, ਦੋਹਾਂ ਭਾਸ਼ਾਵਾਂ ਵਿੱਚ ਡਾਊਨਲੋਡ ਕੀਤੀ ਜਾ ਸਕਦੀ ਹੈ।
ਸੀ.ਟੀ. ਯੂਨੀਵਰਸਿਟੀ ਦੇ ਉੱਪ-ਕੁੱਲਪਤੀ ਡਾ: ਅਭਿਸ਼ੇਕ ਤ੍ਰਿਪਾਠੀ ਨੇ ਕਿਹਾ ਕਿ ਕਰ ਵਿਭਾਗ ਦੁਆਰਾ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੂੰ ਜਾਗਰੂਕ ਕਰਕੇ ਵਧੀਆ ਉੱਦਮ ਕੀਤਾ ਹੈ, ਜਿਸ ਨਾਲ ਵਣਜ (ਕਾੱਮਰਸ) ਵਿਦਿਆਰਥੀਆਂ ਨੂੰ ਸਰਕਾਰ ਦੇ ਨਵੇਂ ਉੱਦਮਾਂ ਬਾਰੇ ਪਤਾ ਲੱਗਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ: ਗੁਰਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਅਜਿਹੇ ਯਤਨਾਂ ਨਾਲ ਸਰਕਾਰ ਦੇ ਕਰ ਵਿੱਚ ਤਾਂ ਵਾਧਾ ਹੋਵੇਗਾ ਹੀ, ਵਿਦਿਆਰਥੀ, ਅਧਿਆਪਕ ਅਤੇ ਆਮ ਲੋਕ ਵੀ ਇਸ ਦਾ ਫਾਇਦਾ ਉਠਾ ਸਕਦੇ ਹਨ। ਸ਼ਹੀਦ ਭਗਤ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਆਖਿਆ ਕਿ ਅਜਿਹੀਆਂ ਮੁਹਿੰਮਾਂ ਨਾਲ ਵਿੱਤ ਅਵਸਥਾ ਨੂੰ ਹੁਲਾਰਾ ਮਿਲਦਾ ਹੈ, ਅਤੇ ਆਮ ਲੋਕਾਂ ਨੂੰ ਵੀ ਕਰ ਵਾਧੇ ਵਿੱਚ ਯੋਗਦਾਨ ਮਿਲਣ ਦਾ ਮੌਕਾ ਹਾਸਲ ਹੁੰਦਾ। ਵਿੱਦਿਅਕ ਅਦਾਰਿਆਂ ਦੇ ਮੁਖੀਆਂ ਵਲੋਂ ਇਨ੍ਹਾਂ ਉੱਦਮਾਂ ਨੂੰ ਨਿਰੰਤਰ ਜਾਰੀ ਰੱਖਣ ਦੀ ਅਰਜੋਈ ਵੀ ਕੀਤੀ।