ਜਗਰਾਉਂ, 9 ਜੂਨ ( ਰਾਜੇਸ਼ ਜੈਨ, ਲਿਕੇਸ਼ ਸ਼ਰਮਾਂ )-ਅੱਡਾ ਰਾਏਕੋਟ ਨੇੜੇ ਮੱਲੀ ਕਲੋਨੀ ਵਿੱਚ ਰਹਿੰਦੇ ਬਿਹਾਰੀ ਮਜ਼ਦੂਰਾਂ ਦੇ ਕੁਆਰਟਰਾਂ ਵਿੱਚ ਅੱਜ ਸਵੇਰੇ ਗੈਸ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ। ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਪਰ ਬਿਹਾਰੀ ਮਜ਼ਦੂਰਾਂ ਦਾ ਸਾਮਾਨ ਅਤੇ ਕੱਪੜੇ ਸੜ ਕੇ ਸੁਆਹ ਹੋ ਗਏ। ਰਾਜੂ ਸ਼ਾਹ ਪੁੱਤਰ ਕਮਲੇਸ਼ ਸ਼ਾਹ, ਵਾਸੀ ਪਿੰਡ ਕੋਪਾ ਜ਼ਿਲ੍ਹਾ ਸਹਰਸਾ ਬਿਹਾਰ, ਵਰਤਮਾਨ ਨਿਵਾਸੀ ਮੱਲੀ ਕਲੋਨੀ ਜੋ ਕਿ ਪਿਛਲੇ 15 ਸਾਲਾਂ ਤੋਂ ਜਗਰਾਉਂ ਵਿਖੇ ਰਹਿ ਰਿਹਾ ਹੈ ਅਤੇ ਪਿਛਲੇ 3 ਸਾਲਾਂ ਤੋਂ ਮੱਲੀ ਕਲੋਨੀ ਦੇ ਕੁਆਰਟਰਾਂ ਵਿੱਚ ਰਹਿ ਰਿਹਾ ਸੀ। ਉਹ ਮਟਕਾ ਵਾਲੀ ਕੁਲਫੀ ਵੇਚਣ ਦਾ ਕੰਮ ਕਰਦਾ ਹੈ। ਜਿਸ ਲਈ ਉਹ ਰੋਜ਼ਾਨਾ ਸਵੇਰੇ ਕੁਲਫੀ ਦਾ ਸਮਾਨ ਤਿਆਰ ਕਰਦਾ ਸੀ। ਸ਼ਨੀਵਾਰ ਸਵੇਰੇ 5.30 ਵਜੇ ਦੇ ਕਰੀਬ ਗੈਸ ’ਤੇ ਕੁਲਫੀ ਬਣਾਉਣ ਲਈ ਸਮੱਗਰੀ ਵੀ ਤਿਆਰ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੈਸ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਹੇਠਾਂ ਤੋਂ ਗੈਸ ਸਿਲੰਡਰ ਫਟ ਗਿਆ। ਜਿਸ ਕਾਰਨ ਉਸ ਦੇ ਕੁਆਰਟਰ ’ਚ ਅੱਗ ਲੱਗ ਗਈ। ਜਿਸ ਕਾਰਨ ਉਸ ਦੀ ਕੁਲਫੀ ਵਾਲੀ ਰੇਹੜੀ, ਪੱਖਾ, ਸਾਈਕਲ, ਕੱਪੜੇ, ਮੰਜੇ ਅਤੇ ਹੋਰ ਸਾਥੀ ਮਜ਼ਦੂਰਾਂ ਦੀਆਂ ਰੇਹੜੀਆਂ ਅਤੇ ਹੋਰ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਇਆ। ਇਸ ਘਟਨਾ ਨਾਲ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਮੌਕੇ ਐਫ ਡੀ ਯੂਨੀਅਨ ਦੇ ਪ੍ਰਧਾਨ ਸੁਪਿੰਦਰ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਰਾਜੂ ਸ਼ਾਹ ਤੇ ਹੋਰ ਮਜ਼ਦੂਰਾਂ ਦਾ ਆਰਥਿਕ ਤੌਰ ’ਤੇ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।