ਮਾਛੀਵਾਡ਼ਾ ਸਾਹਿਬ, 10 ਜੂਨ (ਵਿਕਾਸ ਮਠਾੜੂ) : ਪੰਜਾਬ ਗੱਤਕਾ ਐਸੋਸੀਏਸ਼ਨ (ਮਾਨਤਾ ਪ੍ਰਾਪਤ ਪੰਜਾਬ ਸਟੇਟ ਕੌਂਸਲ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ) ਵੱਲੋਂ 8ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਮਿਤੀ 13, 14 ਤੇ 15 ਜੂਨ 2023 ਨੂੰ ਗੁਰਦੁਆਰਾ ਈਸਰ ਪ੍ਰਕਾਸ਼, ਰਤਵਾਡ਼ਾ ਸਾਹਿਬ ਮੋਹਾਲੀ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਰਨਲ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਠਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਦਾ ਉਦਘਾਟਨ ਗੁਰਮੀਤ ਸਿੰਘ ਮੀਤ ਹੇਅਰ ਖੇਡ ਮੰਤਰੀ ਪੰਜਾਬ ਵਲੋਂ ਕੀਤਾ ਜਾਵੇਗਾ ਅਤੇ ਬਾਬਾ ਲਖਬੀਰ ਸਿੰਘ ਰਤਵਾਡ਼ਾ ਸਾਹਿਬ ਵਾਲੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਇਨਾਮਾਂ ਦੀ ਵੰਡ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸਰਦਾਰ ਹਰਚਰਨ ਸਿੰਘ ਭੁੱਲਰ (ਆਈਪੀਐੱਸ) ਅਤੇ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਸੋਹਲ ਦੁਆਰਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਐੱਮ.ਡੀ ਐੱਸ.ਪੀ. ਸਿੰਘ ਓਬਰਾਏ ਦੇ ਸਹਿਯੋਗ ਨਾਲ ਇਸ ਵਾਰ ਦੀ ਚੈਂਪੀਅਨਸ਼ਿਪ ਟੀ.ਐਸ.ਆਰ ਸਿਸਟਮ ਦੁਆਰਾ ਕਰਵਾਈ ਜਾਵੇਗੀ ਜੋ ਕਿ ਗੱਤਕਾ ਖੇਡ ਦੇ ਮਿਆਰ ਨੂੰ ਹੋਰ ਅੰਤਰਰਾਸ਼ਟਰੀ ਖੇਡਾਂ ਦੇ ਬਰਾਬਰ ਲਿਆ ਕੇ ਖਡ਼੍ਹਾ ਕਰ ਦੇਵੇਗੀ। ਜਨਰਲ ਸਕੱਤਰ ਤੂਰ ਨੇ ਕਿਹਾ ਕਿ ਲਡ਼ਕੇ-ਲਡ਼ਕੀਆਂ ਲਈ 3 ਦਿਨਾਂ ਚੈਂਪੀਅਨਸ਼ਿਪ ਵਿਚ ਅੰਡਰ -14, 17, 19, 22, 25 ਅਤੇ ਅੰਡਰ-28 ਉਮਰ ਵਰਗ ਦੇ ਮੁਕਾਬਲਿਆਂ ਵਿਚ ਕਰੀਬ 750 ਖਿਡਾਰੀ ਭਾਗ ਲੈਣਗੇ। ਇਨ੍ਹਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਐਸੋਸੀਏਸ਼ਨ ਦੁਆਰਾ 40 ਮੈਂਬਰੀ ਰੈਫ਼ਰੀ /ਜੱਜਮੈਂਟ ਟੀਮ ਗਠਿਤ ਕੀਤੀ ਗਈ ਹੈ। ਡਾ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਖੇਲੋ ਇੰਡੀਆ ਅਤੇ ਇੰਡੀਆ ਓਲੰਪਿਕ ਵੱਲੋਂ ਇਸ ਖੇਡ ਨੂੰ ਮਾਨਤਾ ਦੇਣ ਨਾਲ ਖਿਡਾਰੀਆਂ ਦਾ ਰੁਝਾਨ ਇਸ ਖੇਡ ਵੱਲ ਵਧ ਰਿਹਾ ਹੈ ਅਤੇ ਐਸੋਸੀਏਸ਼ਨ ਵੱਲੋਂ ਖਿਡਾਰੀਆਂ ਦੀ ਬਿਹਤਰੀ ਲਈ ਹੋਰ ਸੰਭਾਵਨਾਵਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਈਸ ਪ੍ਰਧਾਨ ਦਵਿੰਦਰ ਸਿੰਘ ਜੁਗਨੀ, ਅਰਸ਼ਦ ਡਾਲੀ, ਰਘਬੀਰ ਸਿੰਘ ਆਦਿ ਹਾਜ਼ਰ ਸਨ।