ਲੁਧਿਆਣਾ 15 ਜੂਨ ( ਵਿਕਾਸ ਮਠਾੜੂ) -ਮੁਕਤਸਰ ਇਲਾਕੇ ਦੇ ਜੰਮਪਲ ਤੇ ਕੈਨੇਡਾ ਦੇ ਸਿਰਮੌਰ ਕਾਰੋਬਾਰੀ ਤੇ ਉੱਘੇ ਸਮਾਜ ਸੇਵੀ ਪਰਮਜੀਤ ਸਿੰਘ ਖੋਸਲਾ ਵੱਲੋਂ ਆਪਣੇ ਇਲਾਕੇ ਮੁਕਤਸਰ ਦੇ ਹੀ ਨਹੀਂ ਸਗੋਂ ਸਾਰੇ ਵਿਸ਼ਵ ਚ ਵੱਸਦੇ ਪੰਜਾਬੀਆਂ ਦੇ ਮਾਣ ਹਰਮਨ ਪਿਆਰੇ ਗੀਤਕਾਰ ਸਃ ਬਾਬੂ ਸਿੰਘ ਮਾਨ ਦਾ ਵੈਨਕੂਵਰ (ਕੈਨੇਡਾ) ਵਿੱਚ ਸਨਮਾਨ ਕੀਤਾ ਗਿਆ। ਇਹ ਜਾਣਕਾਰੀ ਡਾ ਦਰਸ਼ਨ ਸਿੰਘ ਹਰਵਿੰਦਰ ਨੇ ਦਿੱਤੀ ਹੈ। ਇਸ ਮੌਕੇ ਬੋਲਦਿਆਂ ਪਰਮਜੀਤ ਸਿੰਘ ਖੋਸਲਾ ਨੇ ਕਿਹਾ ਕਿ ਮਰਾੜ੍ਹ ਪਿੰਡ ਚ ਪੈਦਾ ਹੋ ਕੇ ਪੰਜਾਬੀ ਸੰਗੀਤ, ਫਿਲਮਾਂ ਅਤੇ ਪੰਜ ਵਾਰ ਪਿੰਡ ਦਾ ਸਰਪੰਚ ਬਣ ਕੇ ਸਮਾਜ ਸੇਵਾ ਦੇ ਖੇਤਰ ਵਿੱਚ ਜਿੰਨਾ ਵੱਡਾ ਯੋਗਦਾਨ ਸਃ ਬਾਬੂ ਸਿੰਘ ਮਾਨ ਨੇ ਪਾਇਆ ਹੈ, ਉਸ ਦਾ ਮੁਕਾਬਲਾ ਆਸਾਨ ਨਹੀਂ।
ਕੈਨੇਡੀਅਨ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਕਿਹਾ ਕਿ ਪਿਛਲੇ 60 ਸਾਲ ਤੋਂ ਬਾਬੂ ਸਿੰਘ ਮਾਨ ਜੀ ਨੇ ਕਈ ਪੀੜ੍ਹੀਆਂ ਨੂੰ ਸਭਿਆਚਾਰਕ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਹੈ।
ਬ੍ਰਿਟਿਸ਼ ਕੋਲੰਬੀਆ ਦੇ ਕੈਬਨਿਟ ਮੰਤਰੀ ਸਃ ਜਗਰੂਪ ਸਿੰਘ ਬਰਾੜ ਤੇ ਸਾਬਕਾ ਮੰਤਰੀ ਵਿਧਾਇਕ ਜਿੰਨੀ ਸਿਮਜ, ਪੰਜਾਬੀ ਗਾਇਕ ਤੇ ਸਮਾਜ ਸੇਵਕ ਸੁਰਜੀਤ ਮਾਧੋਪੁਰੀ ਤੇ ਚੰਨ ਪਰਦੇਸੀ ਤੋਂ ਸ਼ੁਰੂ ਕਰਕੇ ਹਿਣ ਤੀਕ 100ਤੋਂ ਵੱਧ ਫ਼ਿਲਮਾਂ ਲਿਖਣ ਵਾਲੇ ਲੇਖਕ ਬਲਦੇਵ ਗਿੱਲ ਨੇ ਵੀ ਬਾਬੂ ਸਿੰਘ ਮਾਨ ਨੂੰ ਪੰਜਾਬੀ ਲੋਕ ਸੱਭਿਆਚਾਰ ਦਾ ਯੁਗ ਪੁਰਸ਼ ਕਿਹਾ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਮੀਟਿੰਗ ਚ ਹਾਜ਼ਰ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਹੈ, ਜਿੰਨ੍ਹਾਂ ਨੇ ਸਾਡੇ ਸਿਰਮੌਰ ਗੀਤਕਾਰ ਨੂੰ ਆਦਰ ਮਾਣ ਦੇ ਕੇ ਬਣਦਾ ਫ਼ਰਜ਼ ਅਦਾ ਕੀਤਾ ਹੈ।