ਜਗਰਾਉਂ, 15 ਜੂਨ ( ਜਗਰੂਪ ਸੋਹੀ, ਬੌਬੀ ਸਹਿਜਲ )-ਪਿਛਲੇ ਕਾਫੀ ਸਮੇਂ ਤੋਂ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਠੱਗੀ ਮਾਰਨ ਦਾ ਸਿਲਸਿਲਾ ਜਾਰੀ ਹੈ। ਇਸ ਸਬੰਧੀ ਪੁਲਿਸ ਵੱਲੋਂ ਲੋਕਾਂ ਨੂੰ ਵਾਰ-ਵਾਰ ਜਾਗਰੂਕ ਕਰਨ ਦੇ ਬਾਵਜੂਦ ਲੋਕ ਆਸਾਨੀ ਨਾਲ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਜਿਸ ਦੀ ਮਿਸਾਲ ਇਥੋਂ ਨੇੜਲੇ ਪਿੰਡ ਸਵੱਦੀ ਕਲਾਂ ਦੇ ਰਹਿਣ ਵਾਲੇ ਇਕਬਾਲ ਸਿੰਘ ਤੋਂ ਮਿਲਦੀ ਹੈ। ਨੌਸਰਬਾਜ਼ ਨੇ ਉਸ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ 1.70 ਲੱਖ ਰੁਪਏ ਦੀ ਠੱਗੀ ਮਾਰੀ। ਜਿਸ ਦੀ ਸ਼ਿਕਾਇਤ ਤੋਂ ਦਸ ਮਹੀਨੇ ਬਾਅਦ ਪੁਲਿਸ ਨੇ ਸਿਆਸੀ ਦਖਲ ਅੰਦਾਜ਼ੀ ਨਾਲ ਮਾਮਲਾ ਦਰਜ ਕਰ ਲਿਆ। ਥਾਣਾ ਭੂੰਦੜੀ ਤੋਂ ਏ.ਐਸ.ਆਈ.ਦਲਜੀਤ ਸਿੰਘ ਨੇ ਦੱਸਿਆ ਕਿ ਇਕਬਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ 20 ਸਤੰਬਰ 2022 ਨੂੰ ਸਵੇਰੇ 11 ਵਜੇ ਉਸ ਦੇ ਮੋਬਾਈਲ ਨੰਬਰ ’ਤੇ ਇਕ ਵਿਦੇਸ਼ੀ ਨੰਬਰ ਤੋਂ ਕਾਲ ਆਈ ਅਤੇ ਅੱਗੇ ਉਸ ਨੇ ਕਿਹਾ ਕਿ ਮੈਂ ਤੁਹਾਡਾ ਕਨੇਡਾ ਤੋਂ ਚਾਚੇ ਦਾ ਮੁੰਡਾ ਬੋਲ ਰਿਹਾ ਹਾਂ, ਮੈਂ ਤੁਹਾਡੇ ਫੋਨ ’ਤੇ ਚਾਰ ਲੱਖ ਰੁਪਏ ਪਾ ਦਿੱਤੇ ਹਨ। ਜੋ ਕਿ ਕਿਸੇ ਏਜੰਟ ਨੂੰ ਜੇਣੇ ਹਨ। ਇਸ ਤੋਂ ਬਾਅਦ ਮੈਨੂੰ ਇੱਕ ਹੋਰ ਨੰਬਰ ਤੋਂ ਫੋਨ ਆਇਆ ਅਤੇ ਕਿਹਾ ਕਿ ਅਸੀਂ ਮੁੰਬਈ ਬੈਂਕ ਤੋਂ ਬੋਲ ਰਹੇ ਹਾਂ, ਜੋ ਤੁਹਾਡੇ ਚਾਚੇ ਦੇ ਲੜਕੇ ਵੱਲੋਂ ਤੁਹਾਡੇ ਖਾਤੇ ਵਿੱਚ ਚਾਰ ਲੱਖ ਰੁਪਏ ਜਮ੍ਵਾਂ ਕਰਵਾਏ ਹਨ ਉਹ ਪੈਸੇ 24 ਘੰਟਿਆਂ ਵਿੱਚ ਤੁਹਾਡੇ ਖਾਤੇ ਵਿੱਚ ਆ ਜਾਣਗੇ। ਇਸ ਤੋਂ ਬਾਅਦ ਮੇਰੇ ਫੋਨ ’ਤੇ ਵਾਰ-ਵਾਰ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਮੇਰੇ ਕੋਲੋਂ ਪੈਸੇ ਏਜੰਟ ਨੂੰ ਦੇਣ ਲਈ ਮੰਗਣ ਲੱਗੇ। ਮੈਨੂੰ ਦਿੱਤੇ ਖਾਤੇ ਦੇ ਨੰਬਰ ਦਿੱਤੇ ਸਨ ਉਸਤੇ ਉਸ ਨੇ 1.70 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਬਾਅਦ ਵਿੱਚ ਪਤਾ ਲੱਗਾ ਕਿ ਮੇਰੇ ਨਾਲ ਧੋਖਾ ਹੋਇਆ ਹੈ ਅਤੇ ਮੈਂ ਆਪਣਾ ਬੈਂਕ ਖਾਤਾ ਬਲਾਕ ਕਰਵਾ ਦਿੱਤਾ। ਇਸ ਸਬੰਧੀ ਡੀਐਸਪੀ ਵੱਲੋਂ ਕੀਤੀ ਪੜਤਾਲ ਵਿੱਚ ਪਤਾ ਲੱਗਾ ਕਿ ਇਕਬਾਲ ਸਿੰਘ ਵੱਲੋਂ ਜਮ੍ਹਾਂ ਕਰਵਾਏ 1.70 ਲੱਖ ਰੁਪਏ ਸੋਨੂੰ ਕੁਮਾਰ ਪੁੱਤਰ ਵਿਜੇ ਤੁਰੀ ਵਾਸੀ ਝਾਰਖੰਡ ਦੇ ਖਾਤੇ ਵਿੱਚ ਚਲੇ ਗਏ ਸਨ। ਜਿਸ ’ਤੇ ਸੋਨੂੰ ਕੁਮਾਰ ਖਿਲਾਫ ਥਾਣਾ ਸਿੱਧਵਾਂਬੇਟ ’ਚ ਧੋਖਾਧੜੀ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ।