ਜਗਰਾਓਂ, 2 ਜੁਲਾਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)- ਜਗਰਾਓਂ ਨੇੜੇ ਪਿੰਡ ਤੱਪੜ ਚ ਲੱਗੀ ਰਿਫਾਈਨਰੀ ਦਾ ਗੰਦਾ ਪਾਣੀ ਧਰਤੀ ਚ ਸੁੱਟਣ ਨਾਲ ਜਿਥੇ ਖੇਤੀ ਮੋਟਰਾਂ ਚੋਂ ਝੋਨੇ ਦੀ ਬਿਜਾਈ ਲਈ ਗੰਦਾ ਪਾਣੀ ਨਿਕਲ ਰਿਹਾ ਹੈ ਉਥੇ ਇਹ ਪ੍ਰਦੂਸ਼ਿਤ ਪਾਣੀ ਇਲਾਕੇ ਦੇ ਲੋਕਾਂ ਦੀ ਜਾਨ ਦਾ ਖੋਅ ਬਣ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਇਸ ਦੇ ਨਾਲ ਹੀ ਜਗਰਾਂਓ ਪ੍ਰਸਾਸ਼ਨ ਨੂੰ ਬੇਨਤੀ ਕਰਨ ਦੇ ਬਾਵਜੂਦ ਬਾਰਸ਼ ਦਾ ਪਰਦੁਸ਼ਤ ਪਾਣੀ ਵੱਡੇ ਬੋਰ ਕਰਕੇ ਜੀ ਟੀ ਰੋਡ ਦੇ ਦੋਹੇਂ ਪਾਸੀਂ ਧਰਤੀ ਚ ਸੁੱਟਿਆ ਜਾ ਰਿਹਾ ਹੈ। ਇਹ ਮਾਮਲਾ ਮੈਂਬਰ ਪਾਰਲੀਮੈਂਟ,ਸਥਾਨਕ ਵਿਧਾਇਕ ਦੇ ਧਿਆਨ ਚ ਲਿਆਉਣ ਦੇ ਬਾਵਜੂਦ ਕੋਈ ਅਸਰ ਨਹੀਂ ਹੋਇਆ।
ਇਸ ਸਬੰਧੀ ਅਜ ਇਥੇ ਜਮਹੂਰੀ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਬਲਰਾਜ ਸਿੰਘ ਕੋਟੳਮਰਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਆਪਸੀ ਵਿਚਾਰਵਟਾਂਦਰੇ ਤੋਂ ਬਾਅਦ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਐਸ ਡੀ ਐਮ ਜਗਰਾਂਓ, ਪ੍ਰਦੂਸ਼ਣ ਕੰਟਰੋਲ ਬੋਰਡ ਤੋ ਦੋਹਾਂ ਗੰਭੀਰ ਮਸਲਿਆਂ ਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਸਿਧਵਾਂਬੇਟ ਤੇ ਜਗਰਾਂਓ ਬਲਾਕ ਦੇ ਪਿੰਡਾਂ ਚ ਭਿਆਨਕ ਬੀਮਾਰੀ ਫੈਲਣ ਦਾ ਡਰ ਲੋਕਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਰਿਹਾ ਹੈ। ਇਸ ਗੰਧਲੇ ਪਾਣੀ ਦੀ ਵਰਤੋਂ ਨਾਲ ਫਸਲਾਂ ਦੀ ਬਰਬਾਦੀ ਦਾ ਵੀ ਡਰ ਕਿਸਾਨਾਂ ਨੂੰ ਸਤਾ ਰਿਹਾ ਹੈ।ਉਨਾਂ ਦੱਸਿਆ ਕਿ ਇਸ ਸਬੰਧੀ ਇਲਾਕੇ ਦੀਆਂ ਸਮੂਹ ਕਿਸਾਨ ਮਜ਼ਦੂਰ ਤੇ ਇਨਕਲਾਬੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਪੰਜ ਜੁਲਾਈ ਦਿਨ ਬੁੱਧਵਾਰ ਦੁਪਹਿਰ ਦੋ ਵਜੇ ਸ਼ਹੀਦ ਨੱਛਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਜਗਰਾਂਓ ਵਿਖੇ ਸੱਦੀ ਗਈ ਹੈ ਤਾਂ ਕਿ ਵਿਚਾਰ ਚਰਚਾ ਤੋਂ ਬਾਅਦ ਯੋਗ ਰਣਨੀਤੀ ਉਲੀਕੀ ਜਾ ਸਕੇ।ਇਸ ਸਬੰਧੀ ਜਥੇਬੰਦੀਆਂ ਨੂੰ ਵਟਸਐਪ ਸੰਦੇਸ਼ ਭੇਜੇ ਜਾ ਰਹੇ ਹਨ।