ਜਗਰਾਉਂ, ਹਰਵਿੰਦਰ ਸਿੰਘ ਸੱਗੂ – ਇੱਥੋਂ ਨੇੜਲੇ ਪਿੰਡ ਕੋਠੇ ਰਾਹਲਾਂ ਵਿਖੇ ਸੋਮਵਾਰ ਰਾਤ ਇੱਕ ਵਿਅਕਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਥਾਣਾ ਸਿਟੀ ਜਗਰਾਉਂ ਦੇ ਇੰਚਾਰਜ ਡੀਐਸਪੀ ਦੀਪ ਕਰਨ ਸਿੰਘ ਤੂਰ ਨੇ ਦੱਸਿਆ ਕਿ ਪਿੰਡ ਵਿੱਚ ਮਾਤਾ ਦੇ ਘਰ ਨੇੜੇ ਰਹਿੰਦੇ ਜਸਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਦਾ ਸੋਮਵਾਰ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਪੈਂਟ ਵਾਲੀ ਬੈਲਟ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਉਮਰ 37 ਸਾਲ ਸੀ ਅਤੇ ਉਸ ਦਾ 4 ਸਾਲ ਪਹਿਲਾਂ ਪਤਨੀ ਨਾਲ ਤਲਾਕ ਹੋ ਗਿਆ ਸੀ ਅਤੇ ਘਰ ਵਿਚ ਇਕੱਲਾ ਰਹਿ ਰਿਹਾ ਸੀ। ਸੂਚਨਾ ਮਿਲਦੇ ਹੀ ਡੀਐਸਪੀ ਸਤਵਿੰਦਰ ਸਿੰਘ ਵਿਰਕ ਮੌਕੇ ’ਤੇ ਪੁੱਜੇ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਉਂ ਭੇਜ ਦਿੱਤਾ ਗਿਆ ਹੈ। ਡੀਐਸਪੀ ਤੂਰ ਨੇ ਦੱਸਿਆ ਕਿ ਇਸ ਅੰਨ੍ਹੇ ਕਤਲ ਦਾ ਭੇਤ ਖੋਲ੍ਹਣ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਪਹਿਲੂਆਂ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਮੌਕੇ ਤੇ ਜਾਂਚ ਲਈ ਫੌਰੈਂਸਿਕ ਟੀਮ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।