ਬਟਾਲਾ, 20 ਜੂਨ (ਬੋਬੀ ਸਹਿਜਲ -: ਅਸ਼ਵਨੀ) ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਦੀਆਂ ਦਿੱਤੀਆਂ ਹਦਾਇਤਾਂ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਮਿਸ਼ਨ ਅਬਾਦ ਜਰੀਏ ਵਿਸ਼ੇਸ਼ ਕੈਂਪ ਲਗਾ ਕੇ ਜ਼ਿਲ੍ਹਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ।ਇਸੇ ਮਕਸਦ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ 23 ਜੂਨ ਨੂੰ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਲੱਗੇਗਾ ਮਿਸ਼ਨ ਅਬਾਦ ਤਹਿਤ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਬਟਾਲਾ ਸ਼ਹਿਰ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾਵੇਗਾ। ਇਹ ਕੈਂਪ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਹੋਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਬਟਾਲਾ ਡਾ ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਵਿਸ਼ੇਸ਼ ਸਟਾਲ ਲਗਾ ਕੇ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦਿੱਤਾ ਜਾਵੇਗਾ। ਇਸਦੇ ਨਾਲ ਹੀ ਜਾਤੀ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਰੂਰਲ ਏਰੀਆ ਅਤੇ ਬਾਰਡਰ ਏਰੀਆ ਸਰਟੀਫਿਕੇਟ, ਪੈਨਸ਼ਨ ਨਾਲ ਸਬੰਧਤ ਸੁਵਿਧਾਵਾਂ, ਸਿਹਤ ਵਿਭਾਗ ਨਾਲ ਸਬੰਧਤ ਸੁਵਿਧਾਵਾਂ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਬੰਧਤ ਕੰਮ, ਮਨਰੇਗਾ ਨਾਲ ਸਬੰਧਤ ਕੰਮ, ਵਾਟਰ ਸਪਲਾਈ ਅਤੇ ਜਲ ਸਪਲਾਈ ਵਿਭਾਗ ਨਾਲ ਸਬੰਧਤ ਕੰਮ, ਅਧਾਰ ਕਾਰਡ ਸੁਵਿਧਾ ਦਾ ਲਾਭ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਰੁਜ਼ਗਾਰ ਦਫ਼ਤਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਦੇ ਨੌਂਕਰੀਆਂ ਅਤੇ ਸਵੈ-ਰੁਜ਼ਗਾਰ ਲਈ ਨਾਮ ਨੋਟ ਕੀਤੇ ਜਾਣਗੇ ਅਤੇ ਨੌਜਵਾਨਾਂ ਨੂੰ ਮਿਲਟਰੀ, ਪੈਰਾ ਮਿਲਟਰੀ, ਪੁਲਿਸ, ਬੀ.ਐੱਸ.ਐੱਫ਼, ਸੀ.ਆਰ.ਪੀ.ਐੱਫ਼ ਆਦਿ ਸੁਰੱਖਿਆ ਫੋਰਸਾਂ ਵਿੱਚ ਭਰਤੀ ਹੋਣ ਦੀ ਜਾਣਕਾਰੀ ਦੇਣ ਦੇ ਨਾਲ ਨੌਜਵਾਨਾਂ ਨੂੰ ਇਨ੍ਹਾਂ ਸੁਰੱਖਿਆ ਫ਼ੋਰਸਾਂ ਵਿੱਚ ਭਰਤੀ ਹੋਣ ਲਈ ਪ੍ਰੇਰਤ ਕੀਤਾ ਜਾਵੇਗਾ।ਉਨ੍ਹਾਂ ਬਟਾਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 23 ਜੂਨ ਨੂੰ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ, ਬਟਾਲਾ ਵਿਖੇ ਲੱਗ ਰਹੇ ਅਬਾਦ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।