ਜਗਰਾਉਂ, 20 ਜੂਨ ( ਲਿਕੇਸ਼ ਸ਼ਰਮਾਂ, ਅਸ਼ਵਨੀ )-ਮਿਲਕ ਪਲਾਂਟ ਲਈ ਦੁੱਧ ਇਕੱਠਾ ਕਰਨ ਵਾਲੇ ਵਿਅਕਤੀਆਂ ਵਲੋਂ ਦੁੱਧ ਚੋਰੀ ਕਰਨ ਦੇ ਦੋਸ਼ ਵਿੱਚ ਥਾਣਾ ਸਦਰ ਜਗਰਾਉਂ ਵਿਖੇ 3 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਚੌਕੀ ਚੌਕੀਮਾਨ ਦੇ ਇੰਚਾਰਜ ਏ.ਐਸ.ਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਵੇਰਕਾ ਫਰੀਦਕੋਟ ਡੇਅਰੀ ਦੇ ਜਿਲ੍ਹਾ ਫਰੀਦਕੋਟ ਦੇ ਡਿਪਟੀ ਮੈਨੇਜਰ ਖੁਸ਼ਕਰਨ ਸਿੰਘ ਵਾਸੀ ਪਿੰਡ ਸਰਾਵਾਂ ਥਾਣਾ ਬਾਜਾਖਾਨਾ, ਜਿਲਾ ਫਰੀਦਕੋਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਹੈ ਕਿ ਮੇਰਾ ਕੰਮ ਫਰੀਦਕੋਟ ਇਲਾਕੇ ’ਚੋਂ ਦੁੱਧ ਇਕੱਠਾ ਕਰਨ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣਾ ਹੈ। ਮੈਂ 18 ਜੂਨ 2023 ਨੂੰ ਡਿਪਟੀ ਜਰਨਲ ਮੈਨੇਜਰ ਫਰੀਦਕੋਟ ਦੇ ਨਿਰਦੇਸ਼ਾਂ ’ਤੇ ਗਠਿਤ ਟੀਮ ਦੇ ਮੈਂਬਰਾਂ ਸੁਖਵਿੰਦਰ ਪਾਲ ਸਿੰਘ ਐਮ.ਪੀ.ਐਸ., ਹਰਮਨਜੀਤ ਸਿੰਘ ਜੇ.ਈ., ਅਮਨਦੀਪ ਸਿੰਘ ਜੇ.ਈ. ਅਤੇ ਸ਼ੁਭਮ ਕੁਮਾਰ ਜੇ.ਈ ਦੇ ਨਾਲ ਦੁੱਧ ਸ਼ੀਤਲ ਕੈਂਟਰ ਫਰੀਦਕੋਟ ਤੋਂ ਮੁਹਾਲੀ ਮਿਲਕ ਪਲਾਂਟ ਲਈ ਇੱਕ ਗੱਡੀ ਨੂੰ ਚੈਕ ਕੀਤਾ ਅਤੇ ਜਿਸ ’ਤੇ ਡਿਸਪੈਚ ਨੰਬਰ ਲਗਾ ਕੇ ਟੈਸਟ ਕਰਨ ਤੋਂ ਬਾਅਦ 10170 ਕਿਲੋ ਦੁੱਧ ਭੇਜਿਆ ਗਿਆ। ਟੈਂਕਰ ਦੇ ਮਾਲਕ ਗੁਰਦੀਪ ਸਿੰਘ ਵਾਸੀ ਬੋਪਾਰਾਏ ਕਲਾਂ, ਜ਼ਿਲ੍ਹਾ ਲੁਧਿਆਣਾ ਨੂੰ ਦੁੱਧ ਦੀ ਸਾਰੀ ਚੈਕਿੰਗ ਕਰਵਾਉਣ ਅਤੇ ਡਿਸਪੈਚ ਨੋਟ ’ਤੇ ਦਸਤਖਤ ਕਰਵਾ ਕੇ ਮਿਲਕ ਪਲਾਂਟ ਮੁਹਾਲੀ ਵਿਖੇ ਭੇਜਿਆ ਗਿਆ। ਕਮੇਟੀ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਪਾਇਆ ਗਿਆ ਕਿ ਗੁਰਦੀਪ ਸਿੰਘ ਆਪਣੇ ਸਹਾਇਕ ਦਰਬਾਰਾ ਸਿੰਘ ਪਿੰਡ ਬੋਪਾਰਾਏ ਕਲਾਂ ਨਾਲ ਮਿਲ ਕੇ ਮੰਗਲਾ ਕਲੋਨੀ ਪਿੰਡ ਬੱਦੋਵਾਲ ਦੇ ਸਾਹਮਣੇ ਬਣੀ ਚਾਰਦੀਵਾਰੀ ਵਿੱਚ ਇੱਕ ਹੋਰ ਛੋਟੀ ਗੱਡੀ ਨਾਲ ਲਗਾ ਕੇ ਉਸ ਵਿਚ ਦੁੱਧ ਚੋਰੀ ਕਰ ਰਿਹਾ ਸੀ ਅਤੇ ਕਮੇਟੀ ਨੂੰ ਦੇਖ ਕੇ ਨਾਲ ਲਗਾਈ ਹੋਈ ਗੱਡੀ ਦਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ। ਕਮੇਟੀ ਵੱਲੋਂ ਚੈਕਿੰਗ ਕਰਨ ’ਤੇ ਪਤਾ ਲੱਗਾ ਕਿ ਉਨ੍ਹਾਂ ਵੱਲੋਂ 150 ਕਿਲੋ ਦੁੱਧ ਚੋਰੀ ਕੀਤਾ ਗਿਆ ਸੀ ਅਤੇ ਇੱਕ ਛੋਟੀ ਗੱਡੀ ਵਿੱਚ ਪਾਣੀ ਨਾਲ ਭਰੇ 4 ਡਰੰਮ ਵੀ ਮੌਕੇ ’ਤੇ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਸਦਰ ਜਗਰਾਉਂ ਵਿਖੇ ਗੁਰਦੀਪ ਸਿੰਘ, ਦਰਬਾਰਾ ਸਿੰਘ ਵਾਸੀ ਪਿੰਡ ਬੋਪਾਰਾਏ ਕਲਾਂ ਅਤੇ ਅਣਪਛਾਤੇ ਗੱਡੀ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ।