10 ਮੋਟਰਸਾਈਕਲ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ
ਡੇਲੀ ਜਗਰਾਓਂ ਨਿਊਜ਼ ਦੀ ਟੀਮ ਨੇ ਪੁੱਛਿਆ ਕਿ ਚੋਰੀ ਦਾ ਮਾਲ ਖਰੀਦਣ ਵਾਲਿਆਂ ਤੇ ਕੀ ਕਾਰਵਾਈ ?
ਜਗਰਾਓਂ, 25 ਜੂਨ ( ਭਗਵਾਨ ਭੰਗੂ, ਜਗਰੂਪ ਸੋਹੀ )-ਥਾਣਾ ਸਦਰ ਅਧੀਨ ਪੁਲੀਸ ਚੌਕੀ ਚੌਕੀਮਾਨ ਦੇ ਇੰਚਾਰਜ ਏਐਸਆਈ ਸੁਖਮੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਵੱਲੋਂ ਇਲਾਕੇ ਵਿੱਚ ਮੋਟਰਸਾਈਕਲ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਐਸਪੀ ਡੀ ਹਰਿੰਦਰਪਾਲ ਸਿੰਘ ਪਰਮਾਰ ਅਤੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਇਲਾਕੇ ਵਿੱਚ ਮੋਟਰਸਾਈਕਲ ਅਤੇ ਵਾਹਨ ਚੋਰੀ ਕਰਨ ਵਾਲੇ ਗਰੋਹ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਦਸ ਮੋਟਰਸਾਈਕਲ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਏ.ਐਸ.ਆਈ ਸੁਖਮੰਦਰ ਸਿੰਘ ਇੰਚਾਰਜ ਪੁਲਿਸ ਚੌਕੀ ਚੌਕੀਮਾਨ ਵੱਲੋਂ ਸੂਚਨਾ ਦੇ ਆਧਾਰ ’ਤੇ 22 ਜੂਨ ਨੂੰ ਥਾਣਾ ਸਦਰ ਜਗਰਾਉਂ ਵਿਖੇ ਧਰਮਪ੍ਰੀਤ ਸਿੰਘ ਵਾਸੀ ਕੋਠੇ ਹਰੀ ਸਿੰਘ ਦੇ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿਖੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਦੌਰਾਨ ਪਿੰਡ ਸੋਹੀਆਂ ਤੋਂ ਪਿੰਡ ਚੌਕੀਮਾਨ ਨੂੰ ਜਾਣ ਵਾਲੀ ਸੜਕ ’ਤੇ ਨਾਕਾਬੰਦੀ ਕੀਤੀ ਹੋਈ ਸੀ। ਸੋਹੀਆ ਵਾਲੇ ਪਾਸਿਓਂ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਆ ਰਹੇ ਸਨ। ਜਦੋਂ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਸਪਲੈਂਡਰ ਮੋਟਰਸਾਈਕਲ ਦੇ ਚਾਲਕ ਨੇ ਆਪਣਾ ਨਾਮ ਸਤਨਾਮ ਸਿੰਘ ਉਰਫ਼ ਸੱਤੂ ਵਾਸੀ ਪਿੰਡ ਕਾਉਂਕੇ ਕਾਲੋਨੀ ਪਿੰਡ ਕਾਉਂਕੇ ਕਲਾਂ ਦੱਸਿਆ ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਧਰਮਪ੍ਰੀਤ ਸਿੰਘ ਵਾਸੀ ਕੋਠੇ ਹਰੀ ਸਿੰਘ (ਜਿਸ ਖ਼ਿਲਾਫ਼ 22 ਜੂਨ ਨੂੰ ਕੇਸ ਦਰਜ ਕੀਤਾ ਗਿਆ ਸੀ ) )ਅਤੇ ਦੂਜੇ ਮੋਟਰਸਾਈਕਲ ’ਤੇ ਬੈਠੇ ਲੜਕੇ ਨੇ ਆਪਣਾ ਨਾਂ ਦਿਲਪ੍ਰੀਤ ਸਿੰਘ ਦੱਸਿਆ। ਪੁੱਛ ਗਿਛ ਦੌਰਾਨ ਇਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਉਨਾਂ ਨੇ ਜਗਰਾਉਂ ਇਲਾਕੇ ਤੋਂ ਚੋਰੀ ਕੀਤਾ ਸਨ। ਜੋ ਵੇਚਣ ਲਈ ਲੁਧਿਆਣਾ ਜਾ ਰਹੇ ਸਨ। ਜਦੋਂ ਉਸ ਕੋਲੋਂ ਹੋਰ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਜੀ.ਟੀ ਰੋਡ ਅੱਡਾ ਸੋਹੀਆਂ ਨੇੜੇ ਦਰੱਖਤਾਂ ਵਿਚਕਾਰ ਛੁਪਾਏ ਹੋਏ 8 ਮੋਟਰਸਾਈਕਲ ਬਰਾਮਦ ਕਰਵਾਏ। ਜਿੰਨਾਂ ਵਿਚ 7 ਸਪਲੈਂਡਰ ਅਤੇ ਇਕ ਬਜਾਜ ਮੋਟਰਸਾਇਕਿਲ ਬਰਾਮਦ ਹੋਇਆ। ਇਸ ਤੋਂ ਇਲਾਵਾ ਇਨਾਂ ਪਾਸੋਂ ਚੋਰੀ ਦੀ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ। ਜਿਸ ਦੇ ਸਬੰਧ ਵਿੱਚ ਥਾਣਾ ਜਗਰਾਉਂ ਵਿਖੇ 14 ਜੂਨ ਨੂੰ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਕਿੱਥੇ ਵੇਚਦੇ ਹਨ ਨਹੀਂ ਸੁਰਾਗ –
ਸਮੇਂ-ਸਮੇਂ ’ਤੇ ਪੁਲਿਸ ਸਕੂਟਰ, ਮੋਟਰਸਾਈਕਲ ਅਤੇ ਕਾਰਾਂ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਕੇ ਵੱਡੀ ਰਿਕਵਰੀ ਦੀਆਂ ਗੱਲਾਂ ਕਰਦੀ ਰਹਿੰਦੀ ਹੈ। ਪਰ ਪੁਲਿਸ ਨੇ ਅੱਜ ਤੱਕ ਕਿਸੇ ਪ੍ਰੈੱਸ ਕਾਨਫਰੰਸ ’ਚ ਇਹ ਨਹੀਂ ਦੱਸਿਆ ਕਿ ਚੋਰੀ ਕਰਨ ਵਾਲੇ ਚੋਰੀ ਕੀਤੇ ਮੋਟਰਸਾਈਕਲ ਕਿਸਨੂੰ ਚੋਰੀ ਕਰਕੇ ਅੱਗੇ ਵੇਚਦੇ ਹਨ। ਨਾ ਹੀ ਚੋਰੀ ਦਾ ਸਮਾਨ ਖਰੀਦਣ ਵਾਲੇ ਲੋਕਾਂ ਨੂੰ ਕਦੇ ਪੁਲਿਸ ਵਲੋਂ ਕਿਸੇ ਮੁਕਦਮੇ ਵਿਚ ਨਾਮਜ਼ਦ ਹੀ ਕੀਤਾ ਗਿਆ। ਜੇਕਰ ਪੁਲਿਸ ਅਜਿਹੇ ਚੋਰੀ ਦੇ ਵਹੀਕਲ ਖਰੀਦਣ ਵਾਲੇ ਲੋਕਾਂ ਖਿਲਾਫ ਕਾਰਵਾਈ ਕਰੇ ਤਾਂ ਇਹ ਚੋਰੀਆਂ ਰੁਕ ਸਕਦੀਆਂ ਹਨ। ਇਸ ਸਬੰਧੀ ਅੱਜੇ ਪ੍ਰੈਸ ਕਾਨਫਰੰਸ ਦੌਰਾਨ ਡੇਲੀ ਜਗਰਾਓਂ ਨਿਊਜ਼ ਦੀ ਟੀਮ ਵਲੋਂ ਮੁੱਦਾ ਉਠਾਇਾ ਗਿਆ ਅਤੇ ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ.ਡੀ ਹਰਿੰਦਰਪਾਲ ਸਿੰਘ ਪਰਮਾਰ ਨੂੰ ਵੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਟੀਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਇਨ੍ਹਾਂ ਵਿਅਕਤੀਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇ, ਇਹ ਲੋਕ ਚੋਰੀ ਦੇ ਮੋਟਰਸਾਈਕਲ ਕਿੱਥੇ ਅਤੇ ਕਿਸ ਨੂੰ ਵੇਚਦੇ ਹਨ ਅਤੇ ਅੱਗੇ ਉਹ ਲੋਕ ਇਹਨਾਂ ਚੋਰੀ ਹੋਏ ਵਾਹਨਾਂ ਦਾ ਕੀ ਕਰਦੇ ਹਨ। ਇਸ ਦੀ ਜਾਂਚ ਕਰਕੇ ਚੋਰੀ ਦੇ ਮੋਟਰਸਾਈਕਲ ਖਰੀਦਣ ਵਾਲੇ ਵਿਅਕਤੀਆਂ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਜਾਵੇ।