ਫਿਰੋਜ਼ਪੁਰ): ਬਲਾਕ ਮਮਦੋਟ ਤੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਅਧੀਨ ਪਿੰਡ ਨਵਾਂ ਕਿਲਾ ਵਿਖੇ ਆਪਣੇ ਪਰਿਵਾਰ ਨਾਲ ਖੇਤਾਂ ‘ਚ ਝੋਨਾ ਲਾਉਣ ਗਈ 11ਵੀਂ ਕਲਾਸ ਦੀ ਵਿਦਿਆਰਥਣ ਦੀ ਟਿਊਬਵੈੱਲ ‘ਤੇ ਪਾਣੀ ਪੀਣ ਸਮੇਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਲੜਕੀ ਦੇ ਪਿਤਾ ਉਤਮ ਨੇ ਦੱਸਿਆ ਉਹ ਮਿਹਨਤ ਮਜ਼ਦੂਰੀ ਕਰ ਕੇ ਅਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਤੇ ਅਸੀਂ ਆਪਣੇ ਪਰਿਵਾਰ ਸਮੇਤ ਖੇਤਾਂ ‘ਚ ਝੋਨਾ ਲਗਾ ਰਹੇ ਸੀ । ਸਵੇਰੇ 9 ਵਜੇ ਦੇ ਕਰੀਬ ਉਨ੍ਹਾਂ ਦੀ ਲੜਕੀ ਪ੍ਰਵੀਨ ਕੌਰ (14) ਜੋਪਿੰਡ ਕੜਮਾ ਵਿਖੇ 11ਵੀਂ ਕਲਾਸ ਦੀ ਵਿਦਿਆਰਥਣ ਹੈ ਟਿਊਬਵੈੱਲ ‘ਤੇ ਪਾਣੀ ਪੀਣ ਸਮੇਂ ਕਰੰਟ ਦੀ ਲਪੇਟ ‘ਚ ਆ ਗਈ ਜਿ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਰਣਧੀਰ ਸਿੰਘ ਨੇ ਦੱਸਿਆ ਇਹ ਪਰਿਵਾਰ ਅੱਤ ਦੀ ਗਰੀਬੀ ‘ਚ ਗੁਜ਼ਾਰਾ ਕਰ ਰਿਹਾ ਹੈ। ਇਸ ਨੌਜਵਾਨ ਲੜਕੀ ਦੇ ਮੌਤ ਕਾਰਨ ਪਰਿਵਾਰ ਬਹੁਤ ਹੀ ਗਹਿਰੇ ਸਦਮੇ ਵਿੱਚ ਹੈ। ਇਸ ਲਈ ਉਹ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਨੂੰ ਅਪੀਲ ਕਰਦੇ ਹਨ ਕੀ ਇਸ ਗਰੀਬ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ।