ਸੁਧਾਰ, 29 ਜੂਨ ( ਜਸਵੀਰ ਸਿੰਘ ਹੇਰਾਂ)-ਖੇਤ ਵਿੱਚ ਕੰਮ ਕਰਦੇ ਦੋ ਬਿਹਾਰੀ ਮਜ਼ਦੂਰਾਂ ਨੂੰ ਰਾਤ ਸਮੇਂ ਖੇਤਾਂ ਦੀ ਮੋਟਰ ’ਤੇ ਜਾ ਕੇ ਅਣਪਛਾਤੇ ਲੁਟੇਰਿਆਂ ਨੇ ਬਦੰਕ ਬਣਾ ਕੇ ਲੁੱਟ ਲਿਆ ਅਤੇ ਉਨ੍ਹਾਂ ਦੇ ਹੱਥ-ਪੈਰ ਬੰਨ੍ਹ ਕੇ ਉਨ੍ਹਾਂ ਦਾ ਮੋਟਰਸਾਈਕਲ ਅਤੇ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਥਾਣਾ ਸੁਧਾਰ ਦੇ ਏ.ਐਸ.ਆਈ ਰਾਜਦੀਪ ਸਿੰਘ ਨੇ ਦੱਸਿਆ ਕਿ ਰਾਮਾ ਸੋਨੀ ਪੁੱਤਰ ਭਾਨੂ ਸਾਹਨੀ ਸੋਨੀ ਵਾਸੀ ਮੇਦਕੀਆ ਜਲਵਾਣਾ ਬਿਹਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਸਾਥੀ ਅਖਿਲੇਸ਼ ਪਾਸਵਾਨ ਪੁੱਤਰ ਖੁਦੇਨਾ ਪਾਸਵਾਨ ਨਾਲ ਪਿਛਲੇ 20 ਸਾਲ ਦੇ ਸਮੇਂ ਤੋਂ ਸੂਬੇਦਾਰ ਲਖਬੀਰ ਸਿੰਘ ਵਾਸੀ ਪਿੰਡ ਅੱਬੂਵਾਲ ਨਾਲ ਮਿਲ ਕੇ ਖੇਤਾਂ ਵਿਚ ਕੰਮ ਕਰਦਾ ਹੈ ਅਤੇ ਅਸੀਂ ਇਕੱਠੇ ਰਹਿੰਦੇ ਹਾਂ। ਚਮਕੌਰ ਸਿੰਘ ਵਾਸੀ ਪਿੰਡ ਅੱਬੂਵਾਲ ਨੇ ਸਾਨੂੰ ਖੇਤ ਜਾਣ ਲਈ ਹੀਰੋ ਹਾਂਡਾ ਮੋਟਰਸਾਈਕਲ ਦਿੱਤਾ ਹੋਇਆ ਹੈ। ਜਦੋਂ 27 ਜੂਨ ਨੂੰ ਅਸੀਂ ਰਾਤ ਦਾ ਖਾਣਾ ਖਾਣ ਤੋਂ ਬਾਅਦ ਮੋਟਰ ’ਤੇ ਸੌਂ ਰਹੇ ਸੀ ਤਾਂ ਰਾਤ 12 ਵਜੇ ਦੇ ਕਰੀਬ 2 ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਆਏ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ। ਉਨ੍ਹਾਂ ਵਿੱਚੋਂ ਇੱਕ ਕੋਲ ਵੱਡੀ ਕਿਰਪਾਨ ਸੀ। ਜਿਸ ਨੂੰ ਲੈ ਕੇ ਉਹ ਸਾਨੂੰ ਡਰਾਉਣ ਲੱਗਾ ਅਤੇ ਦੂਜੇ ਨੇ ਸਾਡੀ ਤਲਾਸ਼ੀ ਲਈ ਅਤੇ ਸਾਡੇ ਮੋਟਰਸਾਈਕਲ ਦੀ ਚਾਬੀ ਅਤੇ ਇੱਕ ਮੋਬਾਈਲ ਫ਼ੋਨ ਖੋਹ ਲਿਆ। ਜਾਂਦੇ ਸਮੇਂ ਉਨ੍ਹਾਂ ਨੇ ਸਾਨੂੰ ਦੋਵਾਂ ਨੂੰ ਬੰਨ੍ਹ ਕੇ ਸਾਡਾ ਮੋਟਰਸਾਈਕਲ ਅਤੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ। ਸਵੇਰੇ ਉਨ੍ਹਾਂ ਦੇ ਮਾਲਕਾਂ ਨੇ ਉਨ੍ਹਾਂ ਨੂੰ ਖੋਲਿ੍ਹਆ। ਇਸ ਸਬੰਧੀ ਰਾਮਾ ਸੋਨੀ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।