ਪਤਨੀ, ਸੱਸ, ਸਹੁਰੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ
ਸੁਧਾਰ, 29 ਜੂਨ ( ਜਸਵੀਰ ਹੇਰਾਂ )-ਸਸੁਰਾਲ ਦੇ ਪੈਸਿਆਂ ’ਚੋਂ ਪੜ੍ਹ ਕੇ ਆਸਟ੍ਰੇੇਲੀਆ ’ਚ ਸੈੱਟ ਹੋਈ ਲੜਕੀ ਵੱਲੋਂ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕਰਨ ’ਤੇ ਆਸਟ੍ਰੇੇਲੀਆ ਰਹਿ ਰਹੀ ਪਤਨੀ ਅਤੇ ਉਸਦੇ ਮਾਂ ਬਾਪ ਖਿਲਾਫ ਥਾਣਾ ਸੁਧਾਰ ’ਚ ਧੋਖਾਧੜੀ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਏਐਸਆਈ ਜਸਵਿੰਦਰ ਸਿੰਘ ਤੂਰ ਨੇ ਦੱਸਿਆ ਕਿ ਮਨਜਿੰਦਰ ਸਿੰਘ ਵਾਸੀ ਰਾਜੋਆਣਾ ਖੁਰਦ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਕਿ ਮਨਜਿੰਦਰ ਸਿੰਘ ਦਾ ਵਿਆਹ ਸਾਲ 2019 ਵਿੱਚ ਅਕਾਸ਼ਦੀਪ ਕੌਰ ਵਾਸੀ ਗੋਂਦਵਾਲ ਥਾਣਾ ਰਾਏਕੋਟ ਨਾਲ ਹੋਇਆ ਸੀ। ਅਕਾਸ਼ਦੀਪ ਕੌਰ ਨੇ ਉਸ ਨੂੰ ਉੱਥੇ ਸੈੱਟ ਹੋਣ ਤੋਂ ਬਾਅਦ ਬੁਲਾਉਣ ਤੋਂ ਇਨਕਾਰ ਕਰ ਦਿੱਤਾ। ਇਸ ਸ਼ਿਕਾਇਤ ਦੀ ਜਾਂਚ ਡੀ.ਐਸ.ਪੀ.ਵਲੋਂ ਕੀਤੀ ਗਈ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਅਕਾਸ਼ਦੀਪ ਕੌਰ ਦਾ ਸਾਲ 2016 ’ਚ ਪਹਿਲਾਂ ਵਿਆਹ ਹੋਇਆ ਸੀ। ਪਰ ਸਹੁਰੇ ਪਰਿਵਾਰ ਵੱਲੋਂ ਆਸਟ੍ਰੇੇਲੀਆ ’ਚ ਪੜ੍ਹਾਈ ਲਈ ਫੀਸ ਨਾ ਦੇਣ ਕਾਰਨ ਦੋਵਾਂ ’ਚ ਤਕਰਾਰ ਹੋਣ ਕਾਰਨ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਜਿਸ ਤੋਂ ਬਾਅਦ ਸਾਲ 2017 ’ਚ ਮਨਜਿੰਦਰ ਸਿੰਘ ਨਾਲ ਅਕਾਸ਼ਦੀਪ ਕੌਰ ਦੇ ਵਿਆਹ ਦੀ ਗੱਲ ਦੋਵਾਂ ਪਰਿਵਾਰਾਂ ’ਚ ਤੈਅ ਹੋ ਜਾਣ ’ਤੇ ਮਨਜਿੰਦਰ ਸਿੰਘ ਨੇ ਆਕਾਸ਼ਦੀਪ ਕੌਰ ਦੀ ਪੜ੍ਹਾਈ ਦੀ ਫੀਸ ਦਾ ਸਾਰਾ ਖਰਚਾ ਅਤੇ ਉਸ ਵਲੋਂ ਪਹਿਲੇ ਪਤੀ ਪਾਸੋਂ ਤਲਲਾਕ ਲੈਣ ਲਈ ਕਾਨੂੰਨੀ ਚਾਰਾਜੋਈ ਦਾ ਸਾਰਾ ਖਰਚ ਉਸਨੂੰ ਦਿਤਾ। ਜੋ ਕਿ 70 ਲੱਖ ਰੁਪਏ ਸੀ। ਅਕਾਸ਼ਦੀਪ ਕੌਰ ਦਾ ਆਪਣੇ ਪਹਿਲੇ ਪਤੀ ਤੋਂ ਕਾਨੂੰਨੀ ਤੌਰ ’ਤੇ ਤਲਾਕ ਹੋਣ ਤੋਂ ਬਾਅਦ ਜੂਨ 2019 ਵਿੱਚ ਉਨ੍ਹਾਂ ਦਾ ਵਿਆਹ ਹੋਇਆ ਅਤੇ ਅਕਾਸ਼ਦੀਪ ਕੌਰ ਵਾਪਸ ਆਸਟ੍ਰੇੇਲੀਆ ਚਲੀ ਗਈ। ਆਸਟ੍ਰੇੇਲੀਆ ਜਾਣ ਤੋਂ ਬਾਅਦ ਮਨਜਿੰਦਰ ਸਿੰਘ ਨੂੰ ਉਥੇ ਬੁਲਾਉਣ ਲਈ ਅਕਾਸ਼ਦੀਪ ਕੌਰ ਵਲੋਂ ਅੰਬੈਸੀ ਵਿਚ ਦਾਖਲ ਕੀਤੀ ਫਾਈਲ ਵਿਚ ਕਈ ਕਮੀਆਂ ਹੋਣ ਕਾਰਨ ਮਨਜਿੰਦਰ ਸਿੰਘ ਨੂੰ ਵੀਜ਼ਾ ਨਹੀਂ ਮਿਲ ਸਕਿਆ। ਜਿਸ ਤੋਂ ਬਾਅਦ ਅਕਾਸ਼ਦੀਪ ਕੌਰ ਦੇ ਪਿਤਾ ਭੁਪਿੰਦਰ ਸਿੰਘ ਅਤੇ ਮਾਤਾ ਨਛੱਤਰ ਕੌਰ ਨਾਲ ਕਈ ਵਾਰ ਗੱਲਬਾਤ ਪੰਚਾਇਤੀ ਤੌਰ ਤੇ ਹੋਈ। ਜਿਸ ਵਿੱਚ ਉਨ੍ਹਾਂ ਪੈਸੇ ਵਾਪਸ ਦੇਣ ਦਾ ਵਾਅਦਾ ਕੀਤਾ ਸੀ ਪਰ ਹਰ ਵਾਰ ਪੈਸੇ ਦੇਣ ਤੋਂ ਟਾਲਾ ਵੱਟਦੇ ਰਹੇ। ਭੁਪਿੰਦਰ ਸਿੰਘ ਅਤੇ ਨਛੱਤਰ ਕੌਰ ਵੱਲੋਂ ਆਸਟ੍ਰੇੇਲੀਆ ਵਿੱਚ ਅਕਾਸ਼ਦੀਪ ਕੌਰ ਨਾਲ ਅਕਸਰ ਗੱਲਬਾਤ ਹੋਣ ਦੇ ਬਾਵਜੂਦ ਜਾਂਚ ਦੌਰਾਨ ਉਸ ਦੇ ਬਿਆਨ ਅਤੇ ਸਬੰਧਤ ਦਸਤਾਵੇਜ਼ ਪੇਸ਼ ਉਨ੍ਹਾਂ ਨਹੀਂ ਕੀਤੇ ਅਤੇ ਅਕਾਸ਼ਦੀਪ ਕੌਰ ਨੇ ਮਨਜਿੰਦਰ ਸਿੰਘ ਦਾ ਮੋਬਾਈਲ ਨੰਬਰ ਬਲਾਕ ਕਰਕੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਜਿਸ ਤੋਂ ਇਹ ਸਿੱਧ ਹੋ ਜਾਂਦਾ ਸੀ ਕਿ ਉਸਨੇ ਮਨਜਿੰਦਰ ਸਿੰਘ ਅਤੇ ਉਸਦੇ ਪਿਤਾ ਗੁਰਦੇਵ ਸਿੰਘ ਨਾਲ ਸਾਲ 2017 ਤੋਂ 2022 ਤੱਕ 70 ਲੱਖ ਰੁਪਏ ਸਾਜਿਸ਼ ਤਹਿਤ ਲੈ ਕੇ ਉਨ੍ਹਾਂ ਨਾਲ ਠੱਗੀ ਮਾਰੀ ਗਈ। ਜਿਸ ਦੇ ਸਬੰਧ ’ਚ ਅਕਾਸ਼ਦੀਪ ਕੌਰ, ਉਸ ਦੇ ਪਿਤਾ ਭੁਪਿੰਦਰ ਸਿੰਘ ਅਤੇ ਮਾਤਾ ਨਛੱਤਰ ਕੌਰ ਵਾਸੀ ਗੋਂਦਵਾਲ ਦੇ ਖਿਲਾਫ ਧੋਖਾਦੇਹੀ ਅਤੇ ਸਾਜਿਸ਼ ਰਚਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ।