ਚੋਗ ਚੁਗਦੇ ਹਰਿ ਦਾ ਨਾਮੁ ਲੈਂਦੇ ਨੇ,
ਤੇਰੇ ਨਾਲ਼ੋਂ ਪੰਛੀ ਚੰਗੇ ਨੇ।।
ਔ ਲੱਖ ਨਿਰੰਜਣ! ਸੰਤ ਦਰ ਤੇ ਚੱਲ ਕੇ ਆਏ ਨੇ ਮਾਤਾ ਕਰ ਕੋਈ ਸੇਵਾ। ਕੋਈ ਪੈਸਾ ਨਹੀਂ ਮੰਗਦੇ ਕੋਈ ਸੋਨਾ ਚਾਂਦੀ ਨਹੀਂ। ਸਿਰਫ਼ ਦੋ ਮੰਨੀਆਂ ਤੇ ਦੁੱਧ-ਚਾਹ ਦਾ ਗਲਾਸ ਮੰਗਦੇ ਆ।ਕਰ ਲੈ ਸੇਵਾ ਕਰਮਾਂ ਵਾਲੀਏ।ਭੰਡਾਰੇ ਭਰੇ ਰਹਿਣ, ਖ਼ਜ਼ਾਨੇ ਭਰਭੂਰ ਰਹਿਣ।ਆ ਜਾਓ ਬਾਬਾ ਜੀ ਲੰਘ ਆਓ। ਜਿਉਂਦੇ ਰਹੋ ਬੱਚਾ। ਧੰਨ ਭਾਗ ਬਾਬਾ ਜੀ ਜੋ ਕੀੜੀ ਘਰ ਨਰਾਇਣ ਚੱਲ ਕੇ ਆਏ।ਬੜੀ ਸ਼ੋਭਾ ਸੁਣੀਂ ਸੀ ਤੁਹਾਡੀ। ਖ਼ੁਸ਼ ਰਹੋ ਬੱਚਾ!ਲਓ ਪ੍ਰਸ਼ਾਦਾ ਪਾਣੀ ਛੱਕੋ ਬਾਬਾ ਜੀ। ਬੜਾ ਪੁੰਨ ਦਾ ਕੰਮ ਕੀਤਾ ਬੱਚਾ,ਬਾਬੇ ਤੇਰੀ ਸੇਵਾ ਤੋਂ ਬੜੇ ਪ੍ਰਸੰਨ ਹੋਏ ਨੇ ਬੱਚਾ।ਮੰਗ ਲੈ ਜੋ ਵੀ ਮੰਗਣਾ ਮਾਤਾ। ਦੁੱਧ ਪੁੱਤ ਜਾਂ ਕੋਈ ਧਨ ਦੌਲਤ। ਤੂੰ ਬਾਬਿਆਂ ਨੂੰ ਖੁਸ਼ ਕੀਤਾ। ਬਾਬੇ ਤੈਨੂੰ ਖੁਸ਼ ਕਰ ਦੇਣਗੇ। ਧੰਨ ਧੰਨ ਬਾਬਾ ਜੀ। ਬੋਲ ਬੱਚਾ ਕੀ ਚਾਹੀਦਾ। ਪਲ਼ ਵਿੱਚ ਤੋਲਾ,ਪਲ ਵਿੱਚ ਮਾਸਾ, ਸੰਤਾਂ ਕੋਲ਼ ਨਾ ਕਾਸੇ ਦਾ ਘਾਟਾ। ਔਲੱਖ ਨਿਰੰਜਣ ! ਬੋਲੋ ਜੈ ਸੰਤਾਂ ਦੀ!ਜੈ ਸੰਤਾਂ ਦੀ ਬਾਬਾ ਜੀ ਜੈ ਸੰਤਾਂ ਦੀ। ਇਹ ਅੰਗੂਠੀ ਸੋਨੇ ਦੀ ਹੈ ਬੀਬੀ? ਹਾਂ ਬਾਬਾ ਜੀ ਤੁਸੀਂ ਤਾਂ ਜਾਣੀਂ ਜਾਣ ਹੋ ਬਾਬਾ ਜੀ। ਜਾਣੀਂ ਜਾਣ ਹੀ ਨਹੀਂ ਭੈਣੇ ਅੰਤਰਜ਼ਾਮੀ ਵੀ ਭੈਣ ਜੀ। ਮੈਂ ਨਾਲ਼ ਦੇ ਪਿੰਡੋਂ ਬੰਤੋ ਹਾਂ ਭੈਣ ਜੀ ਕੰਡੇਕੱਡਾਂ ਦੀ ਪਿਛਲੇ ਹਫ਼ਤੇ ਸਾਡੇ ਆਏ ਸੀ ਬਾਬਾ ਜੀ ਲੈ ਮੈਂ ਕਮਲੀ ਨੇ ਦੋ ਤੋਲੇ ਸੋਨਾ ਹੀ ਦਿੱਤਾ ਡਰਦੀ ਨੇ ਕਿ ਕਿਤੇ ਬੂਬਨਾ ਲੈ ਕੇ ਤਿੱਤਰ ਨਾ ਹੋ ਜਾਏ ।ਮੇਰੀ ਤਾਂ ਮੱਤ ਹੀ ਮਾਰੀ ਗਈ, ਪਰ ਜਦੋਂ ਦਿੱਤੇ ਵਚਨ ਅਨੁਸਾਰ ਤਿੰਨ ਦਿਨਾਂ ਬਾਅਦ ਵੇਖਿਆ ਤਾਂ ਭੈਣੇ ਸੋਨਾ ਦੁੱਗਣਾ ਸੀ। ਬਾਬਾ ਮੌਕਾ ਭਾਂਪਦਿਆਂ ਉੱਚੀ ਆਵਾਜ਼ ਵਿੱਚ ਬੋਲਿਆ। ਸੋਨੇ ਨੂੰ ਮੈਂ ਰਾਖ਼ ਬਣਾ ਦਿਆਂ, ਰਾਖ਼ ਨੂੰ ਕਰਦਾਂ ਸੋਨਾ, ਇਹ ਸੁਣ ਕੇ ਜਿਵੇਂ ਸੰਤੀ ਨੂੰ ਯਕੀਨ ਜਿਹਾ ਹੋ ਗਿਆ।ਬੰਤੋ ਨੇ ਝੱਟ ਪੋਟਲੀ ਖੋਲ੍ਹ ਕੇ ਬਾਬੇ ਨੂੰ ਫ਼ੜਾ ਦਿੱਤੇ।ਸੰਤੀ ਦਾ ਸੰਤਾਂ ਤੇ ਯਕੀਨ ਪੱਕਾ ਹੋ ਗਿਆ। ਅੰਦਰ ਗਈ ਤੇ ਪੰਜ-ਛੇ ਤੋਲੇ ਸੋਨਾ ਲੈ ਆਈ। ਬਾਬੇ ਨੇ ਸੰਤੀ ਦੇ ਗਹਿਣੇ ਬੰਤੋ ਦੇ ਗਹਿਣਿਆਂ ਵਾਲ਼ੀ ਪੋਟਲੀ ਵਰਗੀ ਪੋਟਲੀ ਵਿੱਚ ਗਹਿਣੇ ਰੱਖਦਿਆਂ ਆਖਿਆ ਕਿ ਅੱਖਾਂ ਬੰਦ ਕਰੋ ਬੀਬੀ ਬਾਬੇ ਅੱਖ ਦੇ ਫੋਰ ਵਿੱਚ ਪੋਟਲੀਆਂ ਦੀ ਅਦਲਾ ਬਦਲੀ ਕਰ ਕੇ ਅਸਲੀ ਗਹਿਣੇ ਆਪਣੀ ਚੇਲੀ ਬੰਤੋ ਨੂੰ ਤੇ ਨਕਲੀ ਗਹਿਣੇ ਸੰਤੀ ਨੂੰ ਫੜਾਉਂਦਿਆਂ ਮੰਤਰ ਉਚਾਰਿਆ ਤੇ ਤਿੰਨ ਦਿਨਾਂ ਬਾਅਦ ਦੁੱਗਣਾ ਹੋਣ ਦਾ ਵਰਦਾਨ ਦੇ ਕੇ ਤਿੱਤਰ ਹੋ ਗਿਆ। ਬੰਤੋ ਗਹਿਣਿਆਂ ਦੀ ਪੋਟਲੀ ਲੈ ਸੁੰਨੇ ਜਿਹੇ ਰਾਹ ਤੋਂ ਬਾਬੇ ਦੀ ਮੋਟਰ ਸਾਈਕਲ ਤੇ ਬੈਠਦਿਆਂ ਉੱਚੀ ਆਵਾਜ਼ ਵਿੱਚ ਬੋਲੀ ਬੋਲੋ ਕਰਣੀ ਵਾਲ਼ੇ ਸੰਤਾਂ ਦੀ ਜੈ। ਤੇ ਬਾਬਾ ਮਸਤੀ ਵਿੱਚ ਉੱਚੇ ਸੁਰ ਵਿੱਚ ਗਾਉਂਦਾ ਹੈ ; ਕੋਈ ਬੀਜ਼ ਲੈ ਧਰਮ ਦੀ ਕਿਆਰੀ , ਕਿਉਂ ਪਾਪਾਂ ਵਾਲ਼ੇ ਖੇਤ ਬੀਜਦਾਂ।
ਦੋਵਾਂ ਦੀ ਖ਼ਚਰੀ ਹਾਸੀ ਖੁੱਲ੍ਹੇ ਅਸਮਾਨ ਵਿੱਚ ਗੂੰਜ ਉੱਠੀ। ਕਿਸੇ ਅਗਲੇ ਸ਼ਿਕਾਰ ਦੀ ਭਾਲ ਵਿੱਚ।
ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ ਸੰਗਰੂਰਸੰਗਰੂਰ।
9872299613