ਸੁਧਾਰ, 30 ਜੂਨ ( ਜਸਵੀਰ ਹੇਰਾਂ )- ਦੋ ਬੋਲੈਰੋ ਪਿਕਅੱਪ ਗੱਡੀਆਂ ਵਿੱਚ ਬੁਰੀ ਤਰ੍ਹਾਂ ਨਾਲ ਲੱਦੇ ਹੋਏ 127 ਸੂਰਾਂ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ 6 ਵਿਅਕਤੀਆਂ ਖ਼ਿਲਾਫ਼ ਥਾਣਾ ਸੁਧਾਰ ਵਿੱਚ ਪਸ਼ੂ ਕਰੂੜਤਾ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਸਬ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਰਾਧਾ ਸੁਆਮੀ ਸਤਿਸੰਗ ਡੇਰਾ ਪਿੰਡ ਟੂਸਾ ਵਿਖੇ ਮੌਜੂਦ ਸਨ। ਉੱਥੇ ਇਤਲਾਹ ਮਿਲੀ ਕਿ ਬੋਲੈਰੋ ਪਿਕਅੱਪ ਗੱਡੀ ਜਿਸ ਦਾ ਡਰਾਈਵਰ ਮਨੋਹਰ ਵਾਸੀ ਜਵਾਹਰ ਸਕੂਲ ਬਿਨਾਸਰ ਥਾਣਾ ਗੰਗਾਨਗਰ, ਬੀਕਾਨੇਰ ਰਾਜਸਥਾਨ ਜੋ ਗੱਡੀ ਚਲਾ ਰਿਹਾ ਹੈ ਅਤੇ ਉਸ ਦੇ ਨਾਲ ਬਜਰੰਗ ਵਾਸੀ ਡੂੰਗਰਗੜ੍ਹ ਜ਼ਿਲ੍ਹਾ ਬੀਕਾਨੇਰ ਰਾਜਸਥਾਨ ਅਤੇ ਇੱਕ ਹੋਰ ਬੋਲੈਰੋ ਪਿਕਅੱਪ ਗੱਡੀ ਜਿਸ ਦਾ ਡਰਾਈਵਰ ਮੁਰਲੀਧਰ ਵਾਸੀ ਜਵਾਹਰ ਸਕੂਲ ਬਿਕਾਨੇਰ ਥਾਣਾ ਬੀਕਾਨੇਰ ਥਾਣਾ ਗੰਗਾਨਗਰ ਰਾਜਸਥਾਨ ਅਤੇ ਉਸ ਦੇ ਨਾਲ ਅਨਿਲ ਵਾਸੀ ਗੰਗਾ ਨਗਰ ਸ਼ਹਿਰ ਬੀਕਾਨੇਰ ਰਾਜਸਥਾਨ ਅਤੇ ਸੋਨੂੰ ਵਾਸੀ ਫਲੋਦ ਥਾਣਾ ਫਲੋਦੀ ਜ਼ਿਲ੍ਹਾ ਜੋਧਪੁਰ ਰਾਜਸਥਾਨ ਨੂੰ ਦੋਨੋਂ ਗੱਡੀਆਂ ਵਿੱਚ ਨਜਾਇਜ਼ ਤੌਰ ’ਤੇ ਸੂਰਾਂ ਦੀ ਭਰਾਈ ਕੀਤੀ ਹੋਈ ਹੈ। ਜਿਨ੍ਹਾਂ ਵਿੱਚੋਂ ਕਈਆਂ ਦੀ ਮੌਤ ਹੋ ਚੁੱਕੀ ਹੈ। ਇਹ ਦੋਵੇਂ ਰੇਲ ਗੱਡੀਆਂ ਰਾਏਕੋਟ ਵਾਲੇ ਪਾਸੇ ਤੋਂ ਲੁਧਿਆਣਾ ਵੱਲ ਜਾ ਰਹੀਆਂ ਹਨ। ਜਿਸ ਨੂੰ ਸੋਨੀ ਵਾਸੀ ਮਾਡਲ ਟਾਊਨ ਲੁਧਿਆਣਾ ਆਪਣੇ ਮੋਟਰਸਾਈਕਲ ਸਪਲੈਂਡਰ ’ਤੇ ਅੱਗੇ ਲੱਗ ਲੈ ਕੇ ਜਾ ਰਿਹਾ ਹੈ। ਇਸ ਸੂਚਨਾ ’ਤੇ ਪਿੰਡ ਟੂਸਾ ਦੇ ਚੌਕ ’ਤੇ ਨਾਕਾਬੰਦੀ ਕਰਕੇ ਇਨ੍ਹਾਂ ਦੋਵਾਂ ਵਾਹਨਾਂ ਨੂੰ ਚੈਕਿੰਗ ਲਈ ਰੋਕਿਆ ਗਿਆ ਤਾਂ ਦੋਵਾਂ ਵਾਹਨਾਂ ’ਚੋਂ 127 ਸੂਰ ਬੁਕੀ ਤਰ੍ਹਾਂ ਨਾਲ ਜਬਰਦਸਤੀ ਢੰਗ ਨਾਲ ਲੱਦੇ ਹੋਏ ਬਰਾਮਦ ਹੋਏ। ਜਿਨ੍ਹਾਂ ਵਿਚੋਂ 32 ਦੀ ਮੌਤ ਹੋ ਗਈ ਸੀ ਅਤੇ ਕਈ ਸੂਰ ਬੁਰੀ ਤਰ੍ਹਾਂ ਜ਼ਖਮੀ ਪਾਏ ਗਏ ਸਨ। ਇਨ੍ਹਾਂ ਸਾਰਿਆਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ ਅਤੇ ਵਾਹਨਾਂ ’ਚੋਂ ਬਰਾਮਦ ਹੋਏ ਸੂਰਾਂ ਨੂੰ ਜੰਗਲਾਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ।