ਕੁੜੇ ਕੈਲੋ ਕਿਉਂ ਪੱਥਰਾਂ ਦੀ ਲਿਸ਼ਕ ਪੁਸ਼ਕ ਕਰਦੀ ਰਹਿਣੀ ਐ। ਜਾਣਾ ਤਾਂ ਇਹਨਾਂ ਨੇ ਬੇਗਾਨੇ ਘਰ ਹੀ ਹੈ। ਭਾਨੀਮਾਰਾਂ ਦੀ ਜੰਗੀਰਾਂ ਨੇ ਕੈਲੋ ਦੀਆਂ ਧੀਆਂ ਵੱਲ ਨੂੰ ਇਸ਼ਾਰਾ ਕਰਦਿਆਂ ਕਿਹਾ।ਲਵੇ ਬੈਠੇ ਪ੍ਰਧਾਨੇ ਨੇ ਵੀ ਜੰਗੀਰਾਂ ਦੇ ਪੱਖ ਵਿੱਚ ਬੋਲਦਿਆਂ ਕਿਹਾ ,ਕੈਲੋ ਜਿੰਨੀਆਂ ਕੁ ਚਾਬੀਆਂ ਆ ਕੁੜੀਆਂ ਦੀਆਂ ਫ਼ਰਾਕਾਂ ਨੂੰ ਲਾਈਆਂ ਨੇ ਕਿਤੇ ਇੱਕ ਅੱਧੀ ਆਪਣੀ ਅਕਲ ਦੇ ਦਿਮਾਗੀ ਤਾਲੇ ਨੂੰ ਵੀ ਲਾ ਲੈਂਦੀ। ਇਹ ਸੁਣ ਸਾਰਿਆਂ ਨੇ ਹਾਸਾ ਚੱਕ ਲਿਆ।ਕੈਲੋ ਨੂੰ ਲੱਗਿਆ ਜਿਵੇਂ ਚਾਬੀਆਂ ਵਾਲ਼ੀ ਫ਼ਰਾਕ ਬਣਾ ਕੇ ਉਸ ਨੇ ਕੋਈ ਵੱਡਾ ਗੁਨਾਹ ਕਰ ਦਿੱਤਾ ਹੋਵੇ। ਪਰ ਜਲਦੀ ਹੀ ਉਹ ਆਪਾ ਸੰਭਾਲ ਦਿਆਂ ਬੋਲੀ ਕਿ ਕੋਈ ਗੱਲ ਨਹੀਂ ਅੱਜ ਇਹ ਪੱਥਰ ਲੱਗਦੀਆਂ ਨੇ ਜੰਗੀਰਾਂ, ਪਰ ਜਿਸ ਦਿਨ ਇਹ ਪੱਥਰਾਂ ਦੀ ਅੱਗ ਚਮਕ ਪਈ ਪੂਰੇ ਸਮਾਜ ਨੂੰ ਰੌਸ਼ਨ ਕਰ ਦੇਣਗੀਆਂ। ਰਹੀ ਗੱਲ ਪ੍ਰਧਾਨਿਆ ਫ਼ਰਾਕ ਦੀਆਂ ਚਾਬੀਆਂ ਦੀ ਜਿਸ ਦਿਨ ਇਹ ਚਾਬੀਆਂ ਨੂੰ ਮੇਰੀਆਂ ਧੀਆਂ ਨੇ ਅਕਲ ਅਤੇ ਇਲਮ ਦੇ ਸਹੀ ਜਿੰਦੇ ਨੂੰ ਲਾ ਲਈਆਂ ਤੇਰੇ ਵਰਗੇ ਦੇ ਮੂੰਹ ਬੰਦ ਤੇ ਦਿਮਾਗ ਖੁੱਲ੍ਹ ਜਾਣਗੇ। ਹਾਂ ਸੱਚ ਨਾਲ਼ੇ ਆਹ ਚਾਬੀਆਂ ਵਾਲ਼ੀ ਫ਼ਰਾਕ ਵਿੱਚੋਂ ਇੱਕ ਚਾਬੀ ਮੈਂ ਲਾ ਦਿੱਤੀ। ਮੇਰੀਆਂ ਧੀਆਂ ਨੂੰ ਸਕੂਲ ਵਿੱਚ ਦਾਖਲਾ ਦਵਾ ਕੇ।ਹੁਣ ਜਦੋਂ ਕੈਲੋ ਦੀਆਂ ਧੀਆਂ ਇੱਕ-ਇੱਕ ਕਰਕੇ ਨੌਕਰੀ ਲੱਗ ਗਈਆਂ ਤਾਂ ਉਹ ਹੀ ਪ੍ਰਧਾਨਾ ਕੈਲੋ ਨੂੰ ਕਹਿ ਰਿਹਾ ਸੀ ਕਿ ਕਰਮ ਚੰਗੇ ਨੇ ਤੇਰੇ ਅੱਗੋਂ ਕੈਲੋ ਮੁਸਕੁਰਾਉਂਦਿਆਂ ਬੋਲੀ ਨਹੀਂ ਪ੍ਰਧਾਨਿਆ ਇਹ ਨਰੋਈ ਸੋਚ ਅਤੇ ਉਹ ਚਾਬੀਆਂ ਵਾਲ਼ੀ ਫ਼ਰਾਕ ਦਾ ਕਮਾਲ ਹੈ ।ਪ੍ਰਧਾਨਾ ਚੁੱਪ ਜਿਹਾ ਹੋ ਕੇ ਬਹਿ ਗਿਆ ਅਤੇ ਜੰਗੀਰਾਂ ਤਾਂ ਪਹਿਲਾਂ ਹੀ ਪੁੱਤਰਾਂ ਦੇ ਨਸ਼ਿਆਂ ਦੇ ਸੇਕ ਚ ਝੁਲਸ ਚੁੱਕੀ ਸੀ। ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ) ਆਫ਼ਿਸਰ ਕਾਲੋਨੀ ਸੰਗਰੂਰ 9872299613