ਫ਼ਤਹਿਗੜ੍ਹ ਸਾਹਿਬ, 02 ਜੁਲਾਈ (ਲਿਕੇਸ਼ ਸ਼ਰਮਾ – ਅਸ਼ਵਨੀ) : ਜ਼ਿਲ੍ਹੇ ਦੇ ਪਿੰਡ ਹਰਲਾਲਪੁਰ ਤੇ ਸਹਿਜ਼ਾਦਪੁਰ ਵਿੱਚੋਂ ਲੰਘਦੀ ਭਾਖੜਾ ਨਹਿਰ ਤੇ ਪਏ ਪਾੜ ਦਾ ਅੱਜ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਭਾਖੜਾ ਮੇਨ ਲਾਇਨ ਪਟਿਆਲਾ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਸੰਦੀਪ ਸਿੰਘ ਮਾਂਗਟ ਸਮੇਤ ਜਾਇਜ਼ਾ ਲਿਆ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਕਿਹਾ ਕਿ ਆਮ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਪੁਲਿਸ ਪੂਰੀ ਤਰ੍ਹਾਂ ਮੁਸ਼ਤੈਦ ਹੈ ਅਤੇ ਭਾਖੜਾ ਨਹਿਰ ਤੇ ਪਏ ਪਾੜ ਤੇ ਜ਼ਿਲ੍ਹੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸ਼ਨ ਵੱਲੋਂ ਸਥਿਤੀ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਇਸ ਲਈ ਕੋਈ ਡਰਨ ਦੀ ਲੋੜ ਨਹੀਂ।ਭਾਖੜਾ ਮੇਨ ਲਾਇਨ ਪਟਿਆਲਾ ਦੇ ਕਾਰਜਕਾਰੀ ਇੰਜਨੀਅਰ ਸੰਦੀਪ ਸਿੰਘ ਮਾਂਗਟ ਨੇ ਇਸ ਮੌਕੇ ਦੱਸਿਆ ਕਿ ਭਾਖੜਾ ਮੇਨ ਲਾਇਨ ਦੀ 143000 ਬੁਰਜੀ ਤੇ ਸਲਿਪੇਜ ਆਫ ਲਾਇਨਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਮੁੱਖ ਰੱਖਦਿਆਂ ਵਿਭਾਗ ਵੱਲੋਂ ਮੌਕੇ ਤੇ ਹੀ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਖੜਾ ਮੇਨ ਲਾਇਨ ਵਿੱਚ 80 ਫੁੱਟ ਤੇ ਪਟੜਾ ਮੌਜੂਦ ਹੈ ਅਤੇ ਪਿੰਡ ਦੇ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਹੈ।ਵਰਨਣਯੋਗ ਹੈ ਕਿ ਭਾਖੜਾ ਨਹਿਰ ਦੇ ਕੰਢੇ ਤੇ ਪਏ ਪਾੜ ਦੀ ਖ਼ਬਰ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਵੱਲੋਂ ਫੌਰੀ ਕਾਰਵਾਈ ਕਰਨ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਸਨ ਅਤੇ ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਪ੍ਰਸ਼ਾਸ਼ਨ ਉਨ੍ਹਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਵਚਨਬੱਧ ਹੈ। ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਨਹਿਰੀ ਵਿਭਾਗ ਵੱਲੋਂ ਪਾੜ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਪਿੰਡ ਦੇ ਲੋਕਾਂ ਨੇ ਵੀ ਰਾਹਤ ਦਾ ਸਾਹ ਲਿਆ ਹੈ।