ਫਿਰੋਜ਼ਪੁਰ, 04 ਜੁਲਾਈ (ਬੋਬੀ ਸਹਿਜਲ) : ਸਮਾਜ ਵਿਚ ਮੌਤ ਵੰਡ ਰਹੀ ਚੀਨੀ ਡੋਰ ਦਾ ਕਹਿਰ ਬਸੰਤ ਤੋਂ 5 ਮਹੀਨੇ ਬਾਅਦ ਵੀ ਜਾਰੀ ਹੈ। ਮੰਗਲਵਾਰ ਦੁਪਹਿਰ ਸਮੇਂ ਸਥਾਨਕ ਡੀ ਸੀ ਮਾਡਲ ਸਕੂਲ ਤੋਂ ਘਰ ਵਾਪਸ ਆ ਰਹੇ 12 ਵੀ ਜਮਾਤ ਦੇ ਇਕ ਵਿਦਿਆਰਥੀ ਚੀਨੀ ਡੋਰ ਫਿਰਨ ਨਾਲ ਗੰਭੀਰ ਜ਼ਖਮੀ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਉਸਨੂੰ ਸਥਾਨਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦੇ 25 ਟਾਂਕੇ ਲੱਗੇ ਹਨ। ਜਖਮੀ ਵਿਦਿਆਰਥੀ ਦੀ ਪਛਾਣ ਗੋਲਡਨ ਏਨਕਲੇਵ ਵਾਸੀ ਲਵਿਸ਼ ਵਜੋਂ ਹੋਈ ਹੈ। ਭਾਵੇਂ ਕਿ ਹਰ ਕੋਈ ਬੱਚੇ ਦੀ ਤਸਵੀਰ ਵੇਖ ਕੇ ਚੀਨੀ ਡੋਰ ਦੇ ਵਪਾਰੀਆਂ ਨੂੰ ਕੋਸ ਰਿਹਾ ਹੈ, ਪਰ ਬਸੰਤ ਬੀਤ ਜਾਣ ਦੇ 5 ਮਹੀਨੇ ਬਾਅਦ ਵੀ ਹਵਾ ਵਿਚ ਚੀਨੀ ਡੋਰ ਲਟਕਦੇ ਹੋਣ ਨੂੰ ਲੈ ਕੇ ਹਰ ਕੋਈ ਹੈਰਾਨ ਵੀ ਹੋ ਰਿਹਾ ਹੈ।