ਜਗਰਾਉਂ, 7 ਜੁਲਾਈ ( ਜੈਪਾਲ ਚੋਪੜਾ )-ਡਰੱਗ ਇੰਸਪੈਕਟਰ ਰੂਪ ਪ੍ਰੀਤ ਕੌਰ ਜੋ ਕਿ ਸਿਵਲ ਸਰਜਨ ਦਫਤਰ ਲੁਧਿਆਣਾ ਤੋਂ ਜਗਰਾਓਂ ਤਬਦੀਲ ਹੋ ਕੇ ਆਏ ਹਨ, ਨੂੰ ਅੱਜ ਇਥੇ ਸਿਵਲ ਹਸਪਤਾਲ ਸਥਿਤ ਉਨ੍ਹਾਂ ਦੇ ਦਫਤਰ ਵਿਖੇ ਕੈਮਿਸਟ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਪੰਕਜ ਅਗਰਵਾਲ, ਜਨਰਲ ਸੈਕਟਰੀ ਕੇਵਲ ਮਾਵਤਰਾ, ਪਰਮਜੀਤ ਸਿੰਘ ਤਨੇਜਾ, ਸੁਨੀਲ ਸਿੰਗਲਾ, ਨਵਦੀਪ ਗੁਪਤਾ ਅਤੇ ਮਦਨ ਲਾਲ ਆਦਿ ਮੈਂਬਰਾਂ ਨੇ ਉਨ੍ਹਾਂ ਨੂੰ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਰੱਗ ਇੰਸਪੈਕਟਰ ਰੂਪ ਪ੍ਰੀਤ ਕੌਰ ਨੇ ਕਿਹਾ ਕਿ ਸਮੂਹ ਕੈਮਿਸਟ ਨੌਰਕੋਟਿਤਸ ਦੇ ਦਾਇਰੇ ਵਿਚ ਆਉਣ ਵਾਲੀਆਂ ਦਵਾਈਆਂ ਅਤੇ ਸ਼ਡਿਊਲ ਐਚ ਤਹਿਤ ਆਉਣ ਵਾਲੀਆਂ ਦਵਾਈਆਂ ਦੀ ਸੇਲ ਪਰਚੇਜ ਦਾ ਰਿਕਾਰਡ ਮੁਕੰਮਲ ਰੱਖਣ ਅਤੇ ਨਾਲ ਹੀ ਉਨ੍ਹਾਂ ਨੂੰ ਖੁੱਲ੍ਹੇਆਮ ਨਸ਼ੇ ਦੇ ਤੌਰ ਤੇ ਉਪਯੋਗ ਹੋਣ ਵਾਲੀਆਂ ਦਵਾਈਆਂ ਨਾ ਵੇਚਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੈਸਿਆਂ ਦੇ ਲਾਲਚ ਵਿੱਚ ਖੁੱਲ੍ਹੇਆਮ ਅਜਿਹੇ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਅਗਰਵਾਲ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਗਰਾਉਂ ਦੇ ਸਾਰੇ ਕੈਮਿਸਟ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਚਨਬੱਧ ਹਨ।