ਸਿੱਧਵਾਂਬੇਟ, 9 ਜੁਲਾਈ ( ਲਿਕੇਸ਼ ਸ਼ਰਮਾਂ )- ਐਂਟੀ ਨਾਰਕੋਟਿਕਸ ਸੈੱਲ ਦੀ ਪੁਲਸ ਪਾਰਟੀ ਨੇ ਉੱਤਰ ਪ੍ਰਦੇਸ਼ ਤੋਂ ਅਫੀਮ ਲਿਆ ਕੇ ਜਗਰਾਓਂ, ਰਾਏਕੋਟ ਇਲਾਕੇ ਵਿਚ ਸਪਲਾਈ ਕਰਨ ਵਾਲੇ ਇਕ ਵਿਅਕਤੀ ਨੂੰ ਇਕ ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਏਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਏਐਸਆਈ ਬਲਵਿੰਦਰ ਸਿੰਘ ਸਮੇਤ ਪੁਲੀਸ ਪਾਰਟੀ ਚੈਕਿੰਗ ਲਈ ਬੱਸ ਅੱਡੇ ’ਤੇ ਮੌਜੂਦ ਸੀ। ਉੱਥੇ ਹੀ ਇਤਲਾਹ ਮਿਲੀ ਸੀ ਕਿ ਵਿਕਾਸ ਸਿੰਘ ਵਾਸੀ ਮਾਜਮਾ ਥਾਣਾ ਵਿਸਤਗੰਜ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਰਾਏਕੋਟ, ਜਗਰਾਉਂ ਇਲਾਕੇ ਅਤੇ ਪਿੰਡਾਂ ਵਿੱਚ ਬਾਹਰਲੇ ਸੂਬਿਆਂ ਤੋਂ ਸਸਤੇ ਭਾਅ ਅਫੀਮ ਲਿਆ ਕੇ ਵੇਚਣ ਦਾ ਧੰਦਾ ਕਰਦਾ ਹੈ। ਜੋ ਕਿ ਰਾਏਕੋਟ ਤੋਂ ਬੱਸੀਆਂ ਵੱਲ ਅਫੀਮ ਦੀ ਸਪਲਾਈ ਕਰਨ ਲਈ ਆ ਰਿਹਾ ਹੈ। ਇਸ ਸੂਚਨਾ ’ਤੇ ਨਾਕਾਬੰਦੀ ਕਰਕੇ ਵਿਕਾਸ ਸਿੰਘ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ। ਪੁਲੀਸ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਰਾਜਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਪੁਲ ਡਰੇਨ ਗਿੱਦੜਵਿੰਡੀ ’ਤੇ ਮੌਜੂਦ ਸਨ। ਜਿੱਥੇ ਪੱਕੀ ਸੜਕ ਤੋਂ ਇੱਕ ਵਿਅਕਤੀ ਜ਼ੈੱਨ ਕਾਰ ਵਿੱਚ ਆ ਰਿਹਾ ਸੀ। ਪੁਲਿਸ ਪਾਰਟੀ ਨੂੰ ਸਾਹਮਣੇ ਦੇਖ ਕੇ ਉਹ ਘਬਰਾ ਗਿਆ ਅਤੇ ਕਾਰ ਰੋਕ ਕੇ ਪਿੱਛੇ ਵੱਲ ਲੈ ਜਾਣ ਲੱਗਾ। ਜਦੋਂ ਪੁਲਸ ਪਾਰਟੀ ਉਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਨ ਲਈ ਉਸ ਵੱਲ ਜਾਣ ਲੱਗੀ ਤਾਂ ਉਹ ਕਾਰ ’ਚੋਂ ਉਤਰ ਕੇ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਜਾਂਚ ਕਰਨ ’ਤੇ ਪਤਾ ਲੱਗਾ ਕਿ ਕਾਰ ਛੱਡ ਕੇ ਭੱਜਣ ਵਾਲਾ ਵਿਅਕਤੀ ਓਮਪ੍ਰਕਾਸ਼ ਉਰਫ ਓਮੀ ਵਾਸੀ ਪਿੰਡ ਕੰਨਿਆ ਹੁਸੈਨੀ ਹੈ। ਜਦੋਂ ਉਸ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 124 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਸੇ ਤਰ੍ਹਾਂ ਏ.ਐਸ.ਆਈ ਜਸਵਿੰਦਰ ਸਿੰਘ ਨੇ ਪਿੰਡ ਐਤੀਆਣਾ ਵਿਖੇ ਚੈਕਿੰਗ ਦੌਰਾਨ ਮਿਲੀ ਸੂਚਨਾ ’ਤੇ ਬਲਦੇਵ ਸਿੰਘ ਉਰਫ਼ ਦੇਵੀ ਵਾਸੀ ਪਿੰਡ ਐਤੀਆਣਾਾ ਨੂੰ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ।