Home ਪਰਸਾਸ਼ਨ ਡਿਪਟੀ ਕਮਿਸ਼ਨਰ ਵਲੋਂ ਖੁਰਾਕ ਸਪਲਾਈ ਵਿਭਾਗ ਨੂੰ 20000 ਪਲਾਸਟਿਕ ਦੀਆਂ ਬੋਰੀਆਂ ਖਰੀਦਣ...

ਡਿਪਟੀ ਕਮਿਸ਼ਨਰ ਵਲੋਂ ਖੁਰਾਕ ਸਪਲਾਈ ਵਿਭਾਗ ਨੂੰ 20000 ਪਲਾਸਟਿਕ ਦੀਆਂ ਬੋਰੀਆਂ ਖਰੀਦਣ ਦੇ ਹੁਕਮ ਜਾਰੀ*

48
0


“ਬੋਰੀਆਂ ‘ਚ ਰੇਤ ਭਰਨ ਲਈ ਸੈਂਕੜੇ ਮਗਨਰੇਗਾ ਕਾਮੇ ਤਾਇਨਾਤ”
ਲੁਧਿਆਣਾ, 11 ਜੁਲਾਈ (ਲਿਕੇਸ਼ ਸ਼ਰਮਾ) – ਹੜ੍ਹਾਂ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਖੁਰਾਕ ਸਪਲਾਈ ਵਿਭਾਗ ਨੂੰ ਤੁਰੰਤ 20000 ਪਲਾਸਟਿਕ ਦੀਆਂ ਖਾਲੀ ਬੋਰੀਆਂ (ਹਰੇਕ ‘ਚ 30 ਕਿਲੋਗ੍ਰਾਮ ਦੀ ਸਮਰੱਥਾ) ਦੀ ਖਰੀਦ ਕਰਨ ਅਤੇ ਇਹ ਥੈਲੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਸੌਂਪਣ ਦੇ ਹੁਕਮ ਜਾਰੀ ਕੀਤੇ ਹਨ।ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 33 ਤਹਿਤ ਜਾਰੀ ਹੁਕਮਾਂ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਵਚਨਬੱਧ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਸੰਭਾਵਿਤ ਹੜ੍ਹ ਪ੍ਰਭਾਵ ਖੇਤਰਾਂ ਨੂੰ ਹੋਰ ਨੁਕਸਾਨ ਤੋਂ ਬਚਾਅ ਲਈ ਅਣਥੱਕ ਮਿਹਨਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖੁਰਾਕ, ਸਿਵਲ ਅਤੇ ਸਪਲਾਈ ਵਿਭਾਗ ਨੂੰ 20000 ਪਲਾਸਟਿਕ ਦੀਆਂ ਖਾਲੀ ਬੋਰੀਆਂ ਦੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਤਾਂ ਜੋ ਇਨ੍ਹਾਂ ਨੂੰ ਰੇਤ ਨਾਲ ਭਰ ਕੇ ਸੁਰੱਖਿਆ ਕੰਮਾਂ ਲਈ ਤੁਰੰਤ ਵਰਤਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਰੇਤ ਦੀਆਂ 20000 ਬੋਰੀਆਂ ਵਿੱਚੋਂ ਪੰਜ-ਪੰਜ ਹਜ਼ਾਰ ਰੇਤ ਦੀਆਂ ਬੋਰੀਆਂ ਸਮਰਾਲਾ, ਜਗਰਾਊ, ਲੁਧਿਆਣਾ ਪੱਛਮੀ ਸਬ-ਡਵੀਜ਼ਨਾਂ ਵਿੱਚ ਸਪਲਾਈ ਕੀਤੀਆਂ ਜਾਣਗੀਆਂ ਅਤੇ 2000 ਬੋਰੀਆਂ ਲੁਧਿਆਣਾ ਪੂਰਬੀ ਅਧੀਨ ਪੈਂਦੇ ਖੇਤਰਾਂ ਵਿੱਚ ਭੇਜੀਆਂ ਜਾਣਗੀਆਂ ਅਤੇ ਬਾਕੀ 3000 ਬੋਰੀਆਂ ਨੂੰ ਰਿਜ਼ਰਵ ਵਿੱਚ ਰੱਖਿਆ ਜਾਵੇਗਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੰਭਾਵੀ ਆਪਦਾ ਨਾਲ ਨਜਿੱਠਣ ਲਈ ਲੋੜੀਂਦੇ ਮਨਰੇਗਾ ਕਾਮੇ ਤਾਇਨਾਤ ਕੀਤੇ ਗਏ ਹਨ ਅਤੇ ਉੱਚ ਅਧਿਕਾਰੀ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਨਿਗਰਾਨੀ ਕਰ ਰਹੇ ਹਨ।ਡਿਪਟੀ ਕਮਿਸ਼ਨਰ ਮਲਿਕ ਨੇ ਕਿਹਾ ਕਿ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਇਸ ਔਖੀ ਘੜੀ ਵਿੱਚ ਲੋਕਾਂ ਦੇ ਨਾਲ ਹੈ ਅਤੇ ਅਧਿਕਾਰੀ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਰਾਹਤ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਬਚਾਅ ਕੇਂਦਰਾਂ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਜਿੱਥੇ ਖਾਣਾ, ਖਾਣ ਪੀਣ ਦੀਆਂ ਵਸਤੂਆਂ ਅਤੇ ਡਾਕਟਰੀ ਸਹੂਲਤਾਂ ਚੌਵੀ ਘੰਟੇ ਉਪਲਬਧ ਹਨ।ਸਾਰੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਹੀ ਸਲਾਮਤ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ, ਜ਼ਿਲ੍ਹਾ ਪ੍ਰਸ਼ਾਸਨ ਨੇ 10 ਬੱਸਾਂ ਦੀ ਵੀ ਮੰਗ ਕੀਤੀ ਹੈ, ਜਿਸ ਵਿੱਚ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਲੁਧਿਆਣਾ ਅਤੇ ਜਨਰਲ ਮੈਨੇਜਰ ਪੀ.ਆਰ.ਟੀ.ਸੀ. ਲੁਧਿਆਣਾ ਤੋਂ ਚਾਰ-ਚਾਰ ਅਤੇ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਜਗਰਾਉਂ ਡਿਪੂ ਤੋਂ ਦੋ ਬੱਸਾਂ ਦੀ ਮੰਗ ਕੀਤੀ ਗਈ ਹੈ।

LEAVE A REPLY

Please enter your comment!
Please enter your name here