ਫਿਲਮ ਇੰਡਸਟਰੀ ਦੇ ਸੁਪਰਸਟਾਰ ਮਸ਼ਹੂਰ ਅਭਿਨੇਤਾ ਮਨੋਜ ਕੁਮਾਰ ਦੀ ਇਕ ਫਿਲਮ ਦਾ ਗੀਤ ‘‘ ਪਾਣੀ ਰੇ ਪਾਣੀ ਤੇਰਾ ਰੰਗ ਕੈਸਾ, ਜਿਸਮੇ ਮਿਲਾ ਦੋ ਦਿਸੇ ਉਸ ਜੈਸਾ ’’ ਇਸ ਗੀਤ ਦੀਆਂ ਸੱਤਰਾਂ ਜਲ ਜੀਵਨ ਤੇ ਹਮੇਸ਼ਾ ਢੁਕਦੀਆਂ ਹਨ। ਮੌਜੂਦਾ ਸਮੇਂ ਦੌਰਾਨ ਦੇਸ਼ ਭਰ ਵਿਚ ਬਰਸਾਤ ਦੇ ਕਾਰਨ ਪਾਣੀ ਨੇ ਜੋ ਤਾਂਡਵ ਮਚਾਇਆ ਹੈ ਉਸ ਨਾਲ ਅੱਜ ਪੂਰੇ ਦੇਸ਼ ਵਿੱਚ ਉਥਲ-ਪੁਥਲ ਹੈ ਅਤੇ ਚਾਰੇ ਪਾਸੇ ਸੰਕਟ ਹੀ ਨਜ਼ਰ ਆ ਰਿਹਾ ਹੈ ਅਤੇ ਪਾਣੀ ਦਾ ਤਾਂਡਵ ਜੋ ਤਬਾਹੀ ਮਚਾ ਰਿਹਾ ਹੈ, ਉਸ ਨੂੰ ਦੇਖ ਕੇ ਇਕ ਵਾਰ ਕੰਬਣੀ ਛਿੜ ਜਾਂਦੀ ਹੈ। ਪਾਣੀ ਸਾਡੇ ਲਈ ਬਰਬਾਦੀ ਦਾ ਕਾਰਨ ਬਣਿਆ, ਇਸ ਦੇ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਪਾਣੀ ਦਾ ਕੋਈ ਵੀ ਰੂਪ ਹੋਵੇ ਉਸ ਅੱਗੇ ਨਤਮਸਤਕ ਹੋਣਾ ਹੀ ਪੈਂਦਾ ਹੈ। ਪਾਣੀ ਸਾਡੇ ਧਰਮ ਅਨੁਸਾਰ ਦੇਵਤਾ ਹੈ। ਅਸੀਂ ਆਪਣੀ ਗੰਗਾ ਮਾਂ ਨੂੰ ਵੀ ਪ੍ਰਦੂਸ਼ਿਤ ਕਰ ਦਿਤਾ ਹੈ। ਅਸੀਂ ਆਪਣੇ ਪੀਣ ਵਾਲੇ ਪਾਣੀ ਨੂੰ ਵੀ ਪ੍ਰਦੂਸਿਤ ਕਰ ਲਿਆ ਹੈ। ਮੀਂਹ ਦੇ ਪਾਣੀ ਨਾਲ ਹੁੰਦੇ ਭਾਰੀ ਜਾਨੀ ਮਾਲੀ ਨੁਕਸਾਨ ਲਈ ਵੀ ਅਸੀਂ ਖੁਦ ਹੀ ਜਿੰਮੇਵਾਰ ਗਾਂ। ਅਸੀਂ ਕੁਦਰਤ ਨਾਲ ਰੱਜ ਕੇ ਖਿਲਵਾੜ ਕੀਤਾ ਹੈ ਅਤੇ ਕੁਪਦਰਤ ਆਪਣਾ ਬੈਂਲੇਂਸ ਬਰਾਬਰ ਕਰਨ ਲਈ ਅਜਿਹੇ ਜਲਵੇ ਦਿਖਾਉਂਦੀ ਹੈ। ਅਸੀਂ ਸਦੀਆਂ ਤੋਂ ਹੀ ਆਪਣੀ ਮਨਮਰਜ਼ੀ ਨਾਲ ਚੱਲਦੇ ਆਏ ਹਾਂ ਅਤੇ ਕਤੁਦਰਤ ਨਾਲ ਖਿਲਵਾੜ ਬੰਦ ਕਰਨ ਦੀ ਬਜਾਏ ਵਧਦੇ ਹੀ ਗਏ। ਹੁਣ ਕੁਦਰਤ ਨਾਲ ਖਿਲਵਾੜ ਕਰਨ ਦਾ ਖਮਿਆਜ਼ਾ ਵੀ ਸਾਨੂੰ ਸਮੇਂ ਸਮੇਂ ਤੇ ਭੁਗਤਨਾ ਪੈਂਦਾ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਅਸੀਂ ਖੁਦ ਆਪਣੀ ਤਬਾਹੀ ਨੂੰ ਯਕੀਨੀ ਬਣਾ ਰਹੇ ਹਾਂ ਤਾਂ ਕੁਦਰਤ ਨੂੰ ਦੋਸ਼ੀ ਕਿਉਂ ਠਹਿਰਾਇਆ ਜਾ ਰਿਹਾ ਹੈ? ਪਾਣੀ ਦੇ ਸੰਕਟ ਲਈ ਅਤੇ ਪਾਣੀ ਦੀ ਬਰਬਾਦੀ ਅਤੇ ਪਾਣੀ ਦੇ ਕਹਿਰ ਲਈ ਸਾਨੂੰ ਕਰਦੇ ਵੀ ਸਮਝ ਨਹੀਂ ਆਈ। ਧਰਤੀ ਦੀ ਹੇਠਲੀ ਸਤ੍ਹਾ ਤੇ ਪਾਣੀ ਦੇ ਖ਼ਤਮ ਹੋਣ ਦੀ ਘੰਟੀ ਕੁਦਰਤ ਵਾਰ ਵਾਰ ਵਜਾ ਰਹੀ ਹੈ ਪਰ ਅਸੀਂ ਉਸ ਘੰਟੀ ਨੂੰ ਸੁਣਨ ਲਈ ਤਿਆਰ ਨਹੀਂ। ਮੰਨਿਆ ਜਾ ਰਿਹਾ ਹੈ ਕਿ ਜੇਕਰ ਦੁਨੀਆਂ ਵਿੱਚ ਅਗਲੀ ਵਿਸ਼ਵ ਜੰਗ ਹੋਈ ਤਾਂ ਉਹ ਪਾਣੀ ਲਈ ਹੀ ਹੋਵੇਗੀ।.ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਸੋਸ਼ਲ ਮੀਡੀਆ ਤੇ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਵੀ ਸਾਹਮਣੇ ਆਉਂਦੀਆਂ ਹਨ ਜੋ ਝੰਜੋੜ ਕੇ ਰੱਖ ਦਿੰਦੀਆਂ ਹਨ। ਪਿਛਲੇ ਦਿਨੀ ਮੈਂ ਇੱਕ ਪੋਸਟ ਪੜ੍ਹ ਰਿਹਾ ਸੀ ਜਿਸ ਵਿੱਚ ਲਿਖਿਆ ਸੀ ਕਿ ਸਾਡੇ ਦਾਦਾ ਜੀ ਪੀਣ ਲਈ ਪਾਣੀ ਖੂਹਾਂ ਤੋਂ ਲੈਂਦੇ ਸਨ । ਖੇਤੀ ਅਤੇ ਹੋਰ ਉਪਯੋਗ ਲਈ ਛੱਪੜਾਂ ਅਤੇ ਨਹਿਰਾਂ ਦਾ ਪਾਣੀ ਉਪਯੋਗ ਕੀਤਾ ਜਾਂਦਾ ਸੀ। ਉਸ ਸਮੇਂ ਪਾਣੀ ਦਾ ਲੈਵਲ ਇਨਾਂ ਉੱਚਾ ਹੁੰਦਾ ਸੀ ਕਿ ਥੋੜਾ ਜਿਹਾ ਪੁੱਟਣ ਤੋਂ ਬਾਅਦ ਖੂਹ ਵਿੱਚ ਪਾਣੀ ਆ ਜਾਂਦਾ ਸੀ ਅਤੇ ਉਹ ਪਾਣੀ ਸਾਫ ਅਤੇ ਪੌਸ਼ਟਿਕ ਹੁੰਦਾ ਸੀ। ਸਮਾਂ ਬੀਤਦਾ ਗਿਆ ਸਾਡੇ ਪਿਤਾ ਜੀ ਦਾ ਸਨਾਂ ਆਇਆ ਤਾਂ ਉਹ ਪੀੜੀ ਖੂਹ ਦੀ ਬਜਾਏ ਪਾਣੀ ਨਲਕਿਆਂ ਰਾਹੀਂ ਲੈਣ ਲੱਗ ਪਏ। ਘਰਾਂ ਵਿੱਚ ਪਾਣੀ ਲਐਣ ਲਈ ਨਲਕੇ ਲੱਗੇ ਹੁੰਦੇ ਸਨ। ਹੈਡ ਪੰਪ ਗੇੜ ਕੇ ਪਾਣੀ ਲਿਆ ਜਾਂਦਾ ਸੀ। ਖੂਹ ਉਨ੍ਹਾਂ ਦੇ ਸਮੇਂ ਬੰਦ ਹੋ ਗਏ। ਉਸ ਸਮੇਂ ਹੈਂਡ ਪੰਪ ਬਹੁਤ ਡੂੰਘਾ ਨਹੀਂ ਸੀ ਲਗਾਇਆ ਜਾਂਦਾ। ਹੁਣ ਅਸੀਂ ਪੀਣ ਯੋਗ ਪਾਣੀ ਲੈਣ ਲਈ 200 ਤੋਂ 300 ਫੁੱਟ ਡੂੰਘੇ ਸਬਮਰਸੀਬਲ ਪੰਪਾਂ ਦੀ ਵਰਤੋਂ ਕਰਦੇ ਹਾਂ। ਜਿਸ ਤਰ੍ਹਾਂ ਕਿਸਾਨਾਂ ਨੇ ਵੱਡੇ-ਵੱਡੇ ਪੰਪ ਖੇਤਾਂ ਵਿਚ ਲਗਾਏ ਹੋਏ ਹਨ। ਪਿੰਡ ਪੱਧਰ ’ਤੇ ਖੇਤਾਂ ’ਚ ਪਾਣੀ ਕੱਢਣ ਲਈ ਜ਼ਮੀਨ ’ਚ ਲੱਗੇ ਮੱਛੀ ਮੋਟਰਾਂ ਨੇ ਧਰਤੀ ਦੇ ਸੀਨੇ ਨੂੰ ਥਾਂ-ਥਾਂ ਤੋਂ ਛਲਣੀ ਕਰ ਦਿਤਾ ਹੈ। ਉਸੇ ਤਰ੍ਹਾਂ ਸ਼ਹਿਰੀ ਖੇਤਰਾਂ ’ਚ ਪੀਣ ਲਈ ਪਾਣੀ ਕੱਢਣ ਲਈ ਹਰ ਘਰ ’ਚ ਲੱਗੇ ਸਬਮਰਸੀਬਲ ਪੰਪ ਲੱਗੇ ਹੋਏ ਹਨ ਅਤੇ ਅਸੀਂ ਸ਼ਹਿਰੀ ਖੇਤਰਾਂ ਵਿਚ ਵੀ ਧਰਤੀ ਦਾ ਸੀਨਾ ਉਸੇ ਤਰ੍ਹਾਂ ਨਾਲ ਛਲਣੀ ਕੀਤਾ ਹੋਇਆ ਹੈ। ਹੁਣ ਸਮਾਂ ਅਜਿਹਾ ਆ ਗਿਆ ਹੈ ਕਿ ਖੇਤਾਂ ਵਿੱਚ ਅਤੇ ਸ਼ਹਿਰਾਂ ਵਿਚ ਹਰ ਸਾਲ ਪਾਣੀ ਦਾ ਪੱਧਰ ਹੇਠਾਂ ਡਿੱਗ ਰਿਹਾ ਹੈ ਕਿ ਹਰ ਸਾਲ ਹੀ ਖੇਤੀ ਮੋਟਰਾਂ ਅਤੇ ਸ਼ਹਿਰਾਂ ਵਿਚ ਸਬਮਰਸੀਬਲ ਮੋਟਰਾਂ 50 ਤੋਂ 100 ਫੁੱਟ ਤੱਕ ਹੇਠਾਂ ਚੱਲੀਆਂ ਜਾਂਦੀਆਂ ਹਨ। ਅਸੀਂ ਹੋਰ ਪਾਣੀ ਲੱਭਣ ਲਈ ਹਰ ਸਾਲ ਹੋਰ ਡੂੰਘਾਈ ਤੱਕ ਜਾ ਰਹੇ ਹਾਂ। ਇਨਾਂ ਹੇਠਾਂ ਜਾ ਰੇ ਵੀ ਪੀਣ ਵਾਲਾ ਪਾਣੀ ਸ਼ੁੱਧ ਨਹੀਂ ਮਿਲਦਾ। ਹਰ ਘਰ ਵਿਚ ਵਾਟਰ ਫਿਲਟਰ ਲੱਗੇ ਹੋਏ ਹਨ। ਅਸੀ ਹੌਲੀ ਹੌਲੀ ਬੋਤਲਾਂ ਵਾਲੇ ਪਾਣੀ ਨੂੰ ਪੀਣ ਵੱਲ ਵਧ ਰਹੇ ਹਾਂ। ਅਜਿਹੇ ਹਾਲਾਤ ਰਹੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੂਰੀ ਤਰ੍ਹਾਂ ਨਾਲ ਹਨ ਬੋਤਲਬੰਦ ਪਾਣੀ ਤੇ ਹੀ ਨਿਰਭਰ ਹੋ ਕੇ ਰਹਿ ਜਾਵੇਗੀ। ਅਸੀਂ ਜਿਸ ਤਰ੍ਹਾਂ ਪਾਣੀ ਦੀ ਖੁੱਲ੍ਹੇਆਮ ਵਰਤੋਂ ਨਹਾਉਣ, ਕੱਪੜੇ ਧੋਣ ਅਤੇ ਹੋਰ ਤਰੀਕਿਆਂ ਨਾਲ ਕਰ ਰਹੇ ਹਾਂ। ਉਸ ਲਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤਰਸਣਗੀਆਂ। ਇਹ ਪੋਸਟ ਸੋਸ਼ਲ ਮੀਡੀਆ ’ਤੇ ਹੈ ਪਰ ਇਹ ਗੰਭੀਰ ਗੱਲ ਹੈ ਅਤੇ ਡੂੰਘਾਈ ਨਾਲ ਵਿਚਾਰ ਕਰਨ ਦਾ ਵਿਸ਼ਾ ਹੈ। ਜੇਕਰ ਹਰ ਇਲਾਕੇ ਵਿਚ ਸੇਮ ਅਤੇ ਨਹਿਰਾਂ, ਨਾਲਿਆਂ ਦੀ ਸਫਾਈ ਨਿਰੰਤਰ ਹੁੰਦੀ ਹੋਵੇ ਤਾਂ ਅਜਿਹੇ ਹਾਲਾਤ ਨਹੀਂ ਬਣ ਸਕਦੇ। ਪਰ ਹਰ ਸਾਲ ਸਰਕਾਰਾਂ ਵੱਲੋਂ ਇਸ ਲਈ ਪੈਸੇ ਜਾਰੀ ਕੀਤੇ ਜਾਂਦੇ ਹਨ। ਜੋ ਕਿ ਭ੍ਰਿਸ਼ਟਾਚਾਰ ਦੀ ਭੇਂਟ ਚੜ ਜਾਂਦੇ ਹਨ। ਸੇਮ, ਨਾਲੇ ਅਤੇ ਨਹਿਰਾਂ ਦੀ ਸਫਾਈ ਹੁੰਦੀ ਤਾਂ ਹੈ ਪਰ ਸਿਰਫ ਕਾਗਜ਼ਾਂ ਵਿਚ ਹੀ। ਇਸ ਲਈ ਨਾਲਿਆਂ, ਸੇਮਾਂ ਅਤੇ ਨਹਿਰਾਂ ਦੀ ਸਫਾਈ ਸੰਬਧੀ ਹੀਭਰਤਾ ਨਾਲ ਕੰਮ ਕਰਨ ਦੀ ਲੋੜ ਹੈ। ਇਸਦੇ ਨਾਲ ਹੀ ਰਾਸ਼ਟਰੀ ਪੱਧਰ ਜਲ ਨੀਤੀ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਅਜਿਹੇ ਤਬਾਹੀ ਮਚਾਉਣ ਵਾਲੇ ਪਾਣੀ ਦੀ ਸੰਭਾਲ ਕਰਕੇ ਉਸ ਪਾਣੀ ਨੂੰ ਜੀਵਨ ਦੇਣ ਵਾਲਾ ਬਣਾ ਕੇ ਸੰਭਾਲਣ ਦੀ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ। ਰਾਸ਼ਟਰੀ ਜਲ ਨੀਤੀ ਤਹਿਤ ਨਹਿਰਾਂ, ਨਦੀਆਂ, ਦਰਿਆਵਾਂ ਨੂੰ ਇੱਕ ਦੂਜੇ ਨਾਲ ਜੋੜਿਆ ਜਾਣਾ ਚਾਹੀਦਾ ਹੈ ਤਾਂ ਜੋ ਜਦੋਂ ਤਬਾਹੀ ਮਚਾਉਣ ਵਾਲੇ ਪਾਣੀ ਨੂੰ ਉਨ੍ਹਾਂ ਰਸਤਿਆਂ ਵਿੱਚ ਵੰਡ ਦਿੱਤਾ ਜਾਵੇ। ਪਰ ਸਾਡੀ ਹਾਲਤ ਇਹ ਹੈ ਕਿ ਅਸੀਂ ਪਾਣੀ ਨੂੰ ਬਰਬਾਦ ਹੋਣ ਦਿੰਦੇ ਹਾਂ ਪਰ ਧਰਤੀ ’ਤੇ ਮਨੁੱਖਤਾ ਦੇ ਉਪਯੋਗ ਲਈ ਸੰਭਾਲਣਾਂ ਨਹੀਂ ਚਹਾੁੰਦੇ। ਜਿਵੇਂ ਕਿ ਧਰਤੀ ਹੇਠਾਂ ਪਾਣੀ ਖਤਮ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ, ਆਉਣ ਵਾਲੀ ਮੁਸੀਬਤ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਪਰ ਅਸੀਂ ਉਸ ਤਬਾਹੀ ਦੇ ਮੰਜ਼ਿਰ ਨੂੰ ਦੇਖ ਤਾਂ ਰਹੇ ਹਾਂ ਪਰ ਉਸਨੂੰ ਰੋਕਣ ਲਈ ਕੰਮ ਕਰਨ ਵਾਸਤੇ ਤਿਆਰ ਨਹੀਂ ਹਾਂ। ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਵਿਨਾਸ਼ ਦੀ ਮੰਜ਼ਿਲ ਬਹੁਤ ਨੇੜੇ ਹੈ।
ਹਰਵਿੰਦਰ ਸਿੰਘ ਸੱਗੂ।