ਅਮਰਗੜ੍ਹ(ਲਿਕੇਸ ਸ਼ਰਮਾ )ਪਿਛਲੇ ਦਿਨੀਂ ਚੋਰੀ ਦੀਆਂ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਕਾਬੂ ਕਰਨ ਵਿੱਚ ਥਾਣਾ ਅਮਰਗੜ੍ਹ ਪੁਲਿਸ ਨੇ ਸਫ਼ਲਤਾ ਹਾਸਲ ਕੀਤੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਸਨ , ਜਿਸ ਕਾਰਨ ਥਾਣਾ ਅਮਰਗੜ੍ਹ ਪੁਲਿਸ ਨੇ ਮੁਸਤੈਦੀ ਵਰਤਦਿਆਂ ਜਿੱਥੇ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ , ਉੱਥੇ ਹੀ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਸਮਾਨ ਵੀ ਪੁਲਿਸ ਵਲੋਂ ਬਰਾਮਦ ਕਰਵਾਇਆ ਗਿਆ । ਥਾਣਾ ਮੁਖੀ ਨੇ ਦੱਸਿਆ ਕਿ ਪਿੰਡ ਝੂੰਦਾਂ ਵਿਖੇ ਨਰਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਦੇ ਘਰ ਤੋਂ ਸਰੋਂ ਦੀ ਬੋਰੀ ਚੋਰੀ ਕਰਨ ਵਾਲੇ ਦੋ ਜਣੇ ਮੁਹੰਮਦ ਜੀਸਾਨ ਉਰਫ਼ ਦਾਨਿਸ਼ ਪੁੱਤਰ ਅਖਤਲ ਅਲੀ ਉਰਫ਼ ਪੱਪੂ ਅਤੇ ਆਕਾਸ਼ਦੀਪ ਸਿੰਘ ਉਰਫ਼ ਤਾਰਾ ਸਿੰਘ ਵਾਸੀਆਨ ਗਿਆਨੀ ਜੈਲ ਸਿੰਘ ਕਲੋਨੀ ਅਮਰਗੜ੍ਹ ਨੂੰ ਚੋਰੀ ਕੀਤੀ 35 ਕਿੱਲੋ ਸਰੋਂ ਸਮੇਤ ਕਾਬੂ ਕੀਤਾ ਗਿਆ , ਇਸ ਤੋਂ ਇਲਾਵਾ ਪਿੰਡ ਦਲੇਰਗੜ੍ਹ ਦੀ ਮਸਜਿਦ ਵਿੱਚ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਮੁਹੰਮਦ ਉਮਰ ਪੁੱਤਰ ਰਮਜਲ ਮੁਹੰਮਦ , ਮੁਹੰਮਦ ਸਬੀਰ ਪੁੱਤਰ ਮੁਹੰਮਦ ਯੂਸਫ , ਮੁਹੰਮਦ ਅਜਰੂ ਪੁੱਤਰ ਮੁਹੰਮਦ ਸ਼ਮਸ਼ਾਦ ਅਤੇ ਨਦੀਮ ਪੁੱਤਰ ਰਫੀਕ ਵਾਸੀਆਨ ਦਲੇਰਗੜ੍ਹ ਨੂੰ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਪਾਸੋਂ ਚੋਰੀ ਕੀਤਾ ਗਿਆ ਸਮਾਨ ਜਿਸ ਵਿੱਚ ਇੱਕ ਐਲ ਈ ਡੀ ਅਤੇ ਇੱਕ ਡੀ ਵੀ ਆਰ ਬਰਾਮਦ ਕਰਵਾਇਆ ਗਿਆ ਹੈ ।