ਰਾਏਕੋਟ, 15 ਜੁਲਾਈ ( ਜਸਵੀਰ ਹੇਰਾਂ )-ਥਾਣਾ ਜੋਧਾ ਅਤੇ ਥਾਣਾ ਸਦਰ ਰਾਏਕੋਟ ਦੀ ਪੁਲਿਸ ਪਾਰਟੀਆਂ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 4 ਪੇਟੀ ਨਜਾਇਜ਼ ਸ਼ਰਾਬ ਅਤੇ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਜੋਧਾ ਤੋਂ ਏ.ਐਸ.ਆਈ ਸੁਖਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਡਰੇਨ ਪੁਲ ਢੈਪਈ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਸੂਚਨਾ ਮਿਲੀ ਸੀ ਕਿ ਲਵਪ੍ਰੀਤ ਸਿੰਘ ਉਰਫ ਲਵੀ ਬਾਹਰਲੇ ਸੂਬਿਆਂ ਤੋਂ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਦਾ ਹੈ। ਜੋ ਆਪਣੀ ਕਾਰ ’ਚ ਭਾਰੀ ਮਾਤਰਾ ’ਚ ਸ਼ਰਾਬ ਲੈ ਕੇ ਜੋਧਾ ਇਲਾਕੇ ਦੇ ਆਸ-ਪਾਸ ਵੇਚਣ ਜਾ ਰਿਹਾ ਹੈ। ਜਿਸ ਦੇ ਪੱਖੋਵਾਲ ਤੋਂ ਜੋਧਾਂ ਆਉਣ ਦੀ ਸੰਭਾਵਨਾ ਹੈ। ਇਸ ਸੂਚਨਾ ’ਤੇ ਢੈਪਈ ਪੁਲ ’ਤੇ ਨਾਕਾਬੰਦੀ ਦੌਰਾਨ ਲਵਪ੍ਰੀਤ ਸਿੰਘ ਉਰਫ਼ ਲਵੀ ਵਾਸੀ ਪਿੰਡ ਹਾਂਸ ਕਲਾਂ, ਮੌਜੂਦਾ ਵਾਸੀ ਪੱਖੋਵਾਲ ਨੂੰ 4 ਪੇਟੀਆਂ (48 ਬੋਤਲਾਂ) ਦੇਸੀ ਸ਼ਰਾਬ ਸਮੇਤ ਰਸਭਰੀ ਬਿੰਨੀ ਸਮੇਤ ਕਾਬੂ ਕੀਤਾ ਗਿਆ। ਥਾਣਾ ਸਦਰ ਰਾਏਕੋਟ ਤੋਂ ਸਬ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੁਲ ਨਹਿਰ ਦੱਦਾਹੂਰ ’ਤੇ ਮੌਜੂਦ ਸੀ। ਉੱਥੇ ਬਰਨਾਲਾ ਸਾਈਡ ਤੋਂ ਇੱਕ ਨੌਜਵਾਨ ਮੋਟਰਸਾਈਕਲ ’ਤੇ ਆ ਰਿਹਾ ਸੀ। ਜੋ ਪੁਲਿਸ ਨਾਕਾ ਦੇਖ ਕੇ ਘਬਰਾ ਗਿਆ ਅਤੇ ਮੋਟਰਸਾਈਕਲ ਨੂੰ ਮੋੜ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਜਿਸ ਨੂੰ ਪੁਲਸ ਪਾਰਟੀ ਨੇ ਕਾਬੂ ਕਰ ਕੇ ਉਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਸ ਦੀ ਪਛਾਣ ਅਰਸ਼ਦੀਪ ਸਿੰਘ ਉਰਫ ਅਰਸ਼ੀ ਵਾਸੀ ਪਿੰਡ ਕਮਾਲਪੁਰਾ ਵਜੋਂ ਹੋਈ ਹੈ। ਉਸ ਖ਼ਿਲਾਫ਼ ਥਾਣਾ ਸਦਰ ਰਾਏਕੋਟ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।