ਜੋਧਾਂ 4 ਫਰਵਰੀ ( ਬਾਰੂ ਸੱਗੂ) ਮਜਦੂਰਾਂ ਅਤੇ ਕਿਸਾਨਾਂ ਦੀ ਜੱਥੇਬੰਦੀ ਜਮਹੂਰੀ ਕਿਸਾਨ ਸਭਾ ਪੰਜਾਬ ਦਾ ਸੁਬਾਈ ਡੈਲੀਗੇਟ ਇਜਲਾਸ ਜੋ ਕਿ ਮਾਸਟਰ ਪੈਲਸ ਜੋਧਾਂ ਮਨਸੂਰਾਂ ਵਿਖੇ 15 ਤੋਂ 17 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ।ਜਿੱਥੇ ਇਸ ਇਜਲਾਸ ਦੀਆਂ ਤਿਆਰੀਆਂ ਪੂਰੇ ਜੋਰਾਂ ਤੇ ਹਨ, ਉੱਥੇ ਹੀ ਕਿਸਾਨਾਂ ਅਤੇ ਮਜਦੂਰਾਂ ਚ ਇਸ ਵਿਸ਼ੇਸ਼ ਇਜਲਾਸ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਗਜਿੰਦਰ ਸਿੰਘ ਗਰੇਵਾਲ ਸਾਬਕਾ ਸਰਪੰਚ ਲਲਤੋਂ ਕਲਾਂ ਨੇ ਇਸ ਇਜਲਾਸ ਦੀ ਪ੍ਰਚਾਰ ਸਮੱਗਰੀ ਵੰਡਦਿਆਂ ਕੀਤਾ।ਉਹਨਾਂ ਦੱਸਿਆ ਕਿ 15 ਫਰਵਰੀ ਨੂੰ ਖੁੱਲਾ ਸ਼ੈਸ਼ਨ ਹੋਵੇਗਾ।ਡੈਲੀਗੇਟਾਂ ਦੇ ਸਵਾਗਤ ਲਈ ਵਿਸ਼ੇਸ਼ ਕਮੇਟੀ ਚੇਅਰਮੈਨ ਪ੍ਰੋ. ਜਗਮੋਹਣ ਸਿੰਘ (ਭਾਣਜਾ ਸ਼ਹੀਦ ਭਗਤ ਸਿੰਘ) ਦੀ ਅਗਵਾਈ ਹੇਠ ਬਣਾਈ ਗਈ ਹੈ।ਇਸ ਦਿਨ ਖੁੱਲੇ ਸ਼ੈਸ਼ਨ ਦੌਰਾਨ ਕਿਸਾਨੀ ਅੰਦੋਲਨ ਨਾਲ ਸਬੰਧਿਤ ਗੀਤ, ਕੋਰਿਓਗ੍ਰਾਫੀਆਂ, ਨਾਟਕ ਅਤੇ ਸਕਿੱਟਾਂ ਪੇਸ਼ ਕੀਤੀਆਂ ਜਾਣਗੀਆਂ।ਉੱਘੇ ਨਾਟਕਕਾਰ ਪ੍ਰੋ. ਸੋਮ ਪਾਲ ਹੀਰਾ ਦੇਸ਼ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਨਾਟਕ ਪੇਸ਼ ਕਰਨਗੇ।ਗਾਇਕ ਅਤੇ ਗੀਤਕਾਰ ਕਰਮਜੀਤ ਸਿੰਘ ਗਰੇਵਾਲ ਨੈਸ਼ਨਲ ਐਵਾਰਡੀ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ, 16 ਅਤੇ 17 ਫਰਵਰੀ ਨੂੰ ਪੂਰੇ ਪੰਜਾਬ ਚੋਂ ਡੈਲੀਗੇਟ ਇਸ ਇਜਲਾਸ ਚ ਪੁੱਜ ਕੇ ਜਿੱਥੇ ਅਗਲੀ ਰਣਨੀਤੀ ਤਹਿ ਕਰਨਗੇ ਉੱਥੇ ਹੀ ਪੰਜਾਬ ਦੀ ਨਵੀਂ ਲੀਡਰਸ਼ਿਪ ਦੀ ਚੋਣ ਕੀਤੀ ਜਾਵੇਗੀ।ਇਸ ਮੌਕੇ ਡਾ. ਪ੍ਰਦੀਪ ਜੋਧਾਂ, ਜਗਧੀਰ ਸਿੰਘ ਲਲਤੋਂ, ਡਾ. ਅਜੀਤ ਰਾਮ ਸ਼ਰਮਾ, ਅਮਰਜੀਤ ਸਿੰਘ ਸ਼ਹਿਜਾਦ, ਗੁਰਮੀਤ ਸਿੰਘ ਗਰੇਵਾਲ ਜੋਧਾਂ ਆਦਿ ਹਾਜਰ ਸਨ।
